ਜਿਨਪਿੰਗ-ਪੂਤਿਨ ਮੁਲਾਕਾਤ ’ਚ ਯੂਕਰੇਨ ਸ਼ਾਂਤੀ ਪ੍ਰਸਤਾਵ ਦਾ ਜ਼ਿਕਰ

ਜਿਨਪਿੰਗ-ਪੂਤਿਨ ਮੁਲਾਕਾਤ ’ਚ ਯੂਕਰੇਨ ਸ਼ਾਂਤੀ ਪ੍ਰਸਤਾਵ ਦਾ ਜ਼ਿਕਰ

ਪੇਈਚਿੰਗ/ਮਾਸਕੋ,
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਮਾਸਕੋ ਵਿਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਜਿਨਪਿੰਗ ਨੇ ਇਸ ਮੌਕੇ ਇੱਛਾ ਜ਼ਾਹਿਰ ਕੀਤੀ ਕਿ ਦੋਵਾਂ ਮੁਲਕਾਂ ਨੂੰ ਆਰਥਿਕ ਸਬੰਧ ਹੋਰ ਡੂੰਘੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਪੱਛਮੀ ਮੁਲਕਾਂ ਦੇ ਮੁਕਾਬਲੇ ’ਚ ਰੂਸ ਨੂੰ ਚੀਨ ਆਪਣਾ ‘ਮਿੱਤਰ ਤੇ ਭਾਈਵਾਲ’ ਮੰਨਦਾ ਹੈ। ਇਸ ਤੋਂ ਇਲਾਵਾ ਪੇਈਚਿੰਗ ਯੂਕਰੇਨ ਵਿਚ ਸ਼ਾਂਤੀ ਲਈ ਵੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਹਾਲ ਹੀ ਵਿਚ ਚੀਨ ਨੇ ਇਰਾਨ ਤੇ ਸਾਊਦੀ ਅਰਬ ਵਿਚਾਲੇ ਸਮਝੌਤਾ ਕਰਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਰੂਸ ਨੇ ਯੂਕਰੇਨ ਸੰਕਟ ਦੇ ਹੱਲ ਬਾਰੇ ਪੇਈਚਿੰਗ ਦੇ ਪ੍ਰਸਤਾਵ ਦੇਖੇ ਹਨ। ਉਹ ਰਾਸ਼ਟਰਪਤੀ ਜਿਨਪਿੰਗ ਨਾਲ ਇਸ ਬਾਰੇ ਵਿਚਾਰ-ਚਰਚਾ ਕਰਨਗੇ। ਰਸਮੀ ਗੱਲਬਾਤ ਭਲਕੇ ਹੋਵੇਗੀ। ਪੂਤਿਨ ਨੇ ਸ਼ੀ ਨੂੰ ਕਿਹਾ ਕਿ ਯੂਕਰੇਨ ਸੰਕਟ ’ਤੇ ਸ਼ਾਂਤੀ ਮਤੇ ਬਾਰੇ ਚੀਨ ਦੀ ਤਜਵੀਜ਼ ਨੂੰ ਸਤਿਕਾਰ ਨਾਲ ਦੇਖਦੇ ਹਨ। ਉਨ੍ਹਾਂ ਗੱਲਬਾਤ ਦੌਰਾਨ ਗੁਜ਼ਰੇ ਸਾਲਾਂ ਵਿਚ ਚੀਨ ਵੱਲੋਂ ਕੀਤੀ ਲਗਾਤਾਰ ਤਰੱਕੀ ਦਾ ਵੀ ਜ਼ਿਕਰ ਕੀਤਾ। ਪੂਤਿਨ ਨੇ ਕਿਹਾ ਕਿ ਚੀਨ ਨੇ ਆਪਣੀ ਆਰਥਿਕਤਾ ਨੂੰ ਵਿਕਸਿਤ ਕਰਨ ਲਈ ਬਹੁਤ ਪ੍ਰਭਾਵੀ ਢਾਂਚਾ ਵਿਕਸਿਤ ਕੀਤਾ ਹੈ। ਦੱਸਣਯੋਗ ਹੈ ਕਿ ਚੀਨ ਨੇ ਯੂਕਰੇਨ ਸੰਕਟ ਦੇ ਹੱਲ ਲਈ ਵਿਆਪਕ 12 ਨੁਕਤਿਆਂ ਦੀ ਤਜਵੀਜ਼ ਰੱਖੀ ਹੈ, ਦੇ ਨਾਲ ਹੀ ਮਾਸਕੋ ਨਾਲ ਰਿਸ਼ਤੇ ਮਜ਼ਬੂਤ ਕਰਨ ਦਾ ਪ੍ਰਸਤਾਵ ਵੀ ਪੇਸ਼ ਕੀਤਾ ਹੈ। ਸ਼ੀ ਨੇ ਕਿਹਾ ਕਿ ਯੂਕਰੇਨ ਸ਼ਾਂਤੀ ਪ੍ਰਸਤਾਵ ਬਾਰੇ ਚੀਨ ਦੀ ਤਜਵੀਜ਼ ਆਲਮੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਰਾਸ਼ਟਰਪਤੀ ਜਿਨਪਿੰਗ ਤੇ ਪੂਤਿਨ ਅੱਜ ਪਹਿਲਾਂ ਆਹਮੋ-ਸਾਹਮਣੇ ਇਕ-ਦੂਜੇ ਨੂੰ ਮਿਲੇ। ਮਗਰੋਂ ਦੋਵਾਂ ਦੇਸ਼ਾਂ ਦੇ ਵਫ਼ਦ ਨੇ ਮੁਲਾਕਾਤ ਕੀਤੀ। ਰੂਸ ਦੇ ਤਰਜਮਾਨ ਨੇ ਕਿਹਾ ਕਿ ਇਹ ਨਿਰੋਲ ਕਾਰੋਬਾਰੀ ਦੌਰਾ ਹੈ। ਸ਼ੀ ਨੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਮੁਲਕਾਂ ਨੇ ਆਪਣੇ ਰਿਸ਼ਤੇ ਕਿਸੇ ਗੱਠਜੋੜ ਜਾਂ ਕਿਸੇ ਟਕਰਾਅ ਦੇ ਅਧਾਰ ਉਤੇ ਮਜ਼ਬੂਤ ਨਹੀਂ ਕੀਤੇ, ਨਾ ਹੀ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਚੀਨ ਕੌਮਾਂਤਰੀ ਢਾਂਚੇ ਦੀ ਰਾਖੀ ਲਈ ਰੂਸ ਨਾਲ ਮਿਲ ਕੇ ਕੰਮ ਕਰਦਾ ਰਹੇਗਾ ਤੇ ਸੰਯੁਕਤ ਰਾਸ਼ਟਰ ਇਕ ਧੁਰੇ ਵਜੋਂ ਕੰਮ ਕਰੇਗਾ। ਰੂਸ ਵੱਲੋਂ ਸ਼ੀ ਦੇ ਦੌਰੇ ਨੂੰ ਇਸ ਗੱਲ ਦੇ ਸਬੂਤ ਵਜੋਂ ਦਰਸਾਇਆ ਜਾ ਰਿਹਾ ਹੈ ਕਿ ਪੱਛਮ ਦੇ ਮੁਕਾਬਲੇ ਉਨ੍ਹਾਂ ਕੋਲ ਵੀ ਚੀਨ ਵਰਗਾ ਮਜ਼ਬੂਤ ਮਿੱਤਰ ਹੈ। ਕਰੈਮਲਿਨ ਵਿਚ ਅੱਜ ਮੁਲਾਕਾਤ ਮੌਕੇ ਦੋਵੇਂ ਇਕ ਦੂਜੇ ਨੂੰ ‘ਪਿਆਰੇ ਦੋਸਤਾਂ’ ਵਾਂਗ ਮਿਲੇ। ਦੋਵਾਂ ਵਿਚਾਲੇ ਰਾਤਰੀ ਭੋਜ ਤੋਂ ਪਹਿਲਾਂ ਅੱਜ ਦੁਪਹਿਰੇ ਮੁਲਾਕਾਤ ਹੋਈ।

ad