ਪੁਲਾੜ ’ਚ ਹਥਿਆਰਾਂ ਦੀ ਤਾਇਨਾਤੀ ਬਾਰੇ ਰੂਸ ਦਾ ਮਤਾ ਯੂਐੱਨ ਸਲਾਮਤੀ ਕੌਂਸਲ ਵੱਲੋਂ ਰੱਦ

ਪੁਲਾੜ ’ਚ ਹਥਿਆਰਾਂ ਦੀ ਤਾਇਨਾਤੀ ਬਾਰੇ ਰੂਸ ਦਾ ਮਤਾ ਯੂਐੱਨ ਸਲਾਮਤੀ ਕੌਂਸਲ ਵੱਲੋਂ ਰੱਦ

ਸੰਯੁਕਤ ਰਾਸ਼ਟਰ,-(ਇੰਡੋ ਕਨੇਡੀਅਨ ਟਾਇਮਜ਼)-ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੇ ਪੁਲਾੜ ਵਿਚ ਹਥਿਆਰ ਭੇਜਣ ਦੀ ਦੌੜ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕਰਦੇ ਰੂਸ ਦੀ ਹਮਾਇਤ ਵਾਲੇ ਮਤੇ ਨੂੰ ਰੱਦ ਕਰ ਦਿੱਤਾ ਹੈ। ਮਤੇ ’ਤੇ ਹੋਈ ਵੋਟਿੰਗ ਦੌਰਾਨ ਸਲਾਮਤੀ ਕੌਂਸਲ ਰੂਸ ਤੇ ਅਮਰੀਕਾ ਦੀਆਂ ਤਜਵੀਜ਼ਾਂ ਨੂੰ ਲੈ ਕੇ ਦੋ ਹਿੱਸਿਆਂ ਵਿਚ ਵੰਡੀ ਗਈ ਜਦੋਂਕਿ ਸਵਿਟਜ਼ਰਲੈਂਡ ਵੋਟਿੰਗ ਮੌਕੇ ਗੈਰਹਾਜ਼ਰ ਰਿਹਾ। ਇਹ ਮਤਾ ਸੰਯੁਕਤ ਰਾਸ਼ਟਰ ਦੇ ਨੇਮਾਂ ਤਹਿਤ ਰੱਦ ਹੋ ਗਿਆ ਕਿਉਂਕਿ ਉਸ ਨੂੰ ਲੋੜੀਂਦੀਆਂ ਨੌਂ ਵੋਟਾਂ ਨਹੀਂ ਮਿਲੀਆਂ।
                                                                                                          ਸਲਾਮਤੀ ਕੌਂਸਲ ਵਿਚ ਮਤੇ ’ਤੇ ਹੋਈ ਬਹਿਸ ਦੌਰਾਨ ਅਮਰੀਕਾ ਨੇ ਕਿਹਾ ਕਿ ਰੂਸ ਨੇ ਪਿਛਲੇ ਹਫ਼ਤੇ ਇਕ ਉਪਗ੍ਰਹਿ ਛੱਡਿਆ ਸੀ, ਜੋ ਪੁਲਾੜ ਵਿਚ ਹਥਿਆਰਾਂ ਦੀ ਤਾਇਨਾਤੀ ਦਾ ਹਿੱਸਾ ਹੋ ਸਕਦਾ ਹੈ। ਸਲਾਮਤੀ ਕੌਂਸਲ ਦੇ ਮੈਂਬਰ ਮੁਲਕ ਇਸ ਸੰਭਾਵੀ ਭਵਿੱਖੀ ਆਲਮੀ ਰੁਝਾਨ ਦੀ ਨਿਖੇਧੀ ਕਰ ਰਹੇ ਹਨ, ਪਰ ਇਸ ਖਿਲਾਫ਼ ਕਦਮ ਪੁੱਟਣ ਵਿਚ ਨਾਕਾਮ ਸਾਬਤ ਹੋਏ ਹਨ। ਪਿਛਲੇ ਮਹੀਨੇ ਰੂਸ ਦੇ ਰਵਾਇਤੀ ਵਿਰੋਧੀ ਮੁਲਕਾਂ ਅਮਰੀਕਾ ਤੇ ਜਪਾਨ ਨੇ ਸਲਾਮਤੀ ਕੌਂਸਲ ਵਿਚ ਮਤਾ ਰੱਖਿਆ ਸੀ, ਜੋ ਰੱਦ ਹੋ ਗਿਆ ਅਤੇ ਰੂਸ ਵਾਲਾ ਮਤਾ ਉਤੇ ਦੇ ਮੁਕਾਬਲੇ ਵਜੋਂ ਸੀ। ਅਮਰੀਕਾ ਤੇ ਜਪਾਨ ਵੱਲੋਂ ਰੱਖੇ ਮਤੇ ਵਿਚ ਵੱਖ ਵੱਖ ਤਰ੍ਹਾਂ ਦੇ ਹਥਿਆਰਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ ਸੀ, ਜੋ ਵੱਡੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਉਧਰ ਰੂਸ ਵੱਲੋਂ ਪੇਸ਼ ਮਤੇ ਵਿਚ ਹਰ ਤਰ੍ਹਾਂ ਦੇ ਹਥਿਆਰਾਂ ’ਤੇ ਚਰਚਾ ਕੀਤੀ ਗਈ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ 15 ਮੈਂਬਰੀ ਸਲਾਮਤੀ ਕੌਂਸਲ ਵਿਚ ਸੋਮਵਾਰ ਨੂੰ ਜਿਸ ਮਤੇ ’ਤੇ ਚਰਚਾ ਹੋਈ ਉਸ ਦਾ ਇਕੋ ਇਕ ਮਕਸਦ ਰੂਸ ਦੇ ਪੁਲਾੜ ਵਿਚ ਹਥਿਆਰਾਂ ਦੀ ਤਾਇਨਾਤੀ ਦੇ ਅਸਲ ਮੰਤਵ ਤੋਂ ਕੁੱਲ ਆਲਮ ਦਾ ਧਿਆਨ ਭਟਕਾਉਣਾ ਹੈ। ਅਮਰੀਕੀ ਉਪ ਰਾਜਦੂਤ ਰੌਬਰਟ ਵੁੱਡ ਨੇ ਕੌਂਸਲ ਨੂੰ ਦੱਸਿਆ, ‘‘ਅੱਜ ਸਾਡੇ ਸਾਹਮਣੇ ਰੱਖੀ ਗਈ ਤਜਵੀਜ਼ ਹੋਰ ਕੁਝ ਨਹੀਂ ਬਲਕਿ ਰੂਸ ਦੀ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’
                                                                                         ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵਾਸਿਲੀ ਨੇਬੇਂਜ਼ੀਆ ਨੇ ਇਸ ਤੱਥ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦਾ ਮੁਲਕ ਕੁੱਲ ਆਲਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਜਵੀਜ਼ ’ਤੇ ਮਤਦਾਨ ਸਾਡੇ ਪੱਛਮੀ ਸਹਿਯੋਗੀਆਂ ਲਈ ਸੱਚ ਸਾਹਮਣੇ ਲਿਆਉਣ ਵਾਲਾ ਇਕ ਅਹਿਮ ਪਲ ਹੈ। ਚੀਨ ਤੇ ਹੋਰਨਾਂ ਮੁਲਕਾਂ ਨੇ ਰੂਸ ਦੇ ਉਪਰੋਕਤ ਮਤੇ ਦੀ ਹਮਾਇਤ ਕੀਤੀ ਸੀ। ਨੇਬੇਂਜ਼ੀਆ ਨੇ ਕਿਹਾ, ‘‘ਜੇ ਉਹ ਇਸ ਮਤੇ ਦੀ ਹਮਾਇਤ ਨਹੀਂ ਕਰਦੇ ਹਨ ਤਾਂ ਇਹ ਸਾਫ਼ ਹੋ ਜਾਵੇਗਾ ਕਿ ਉਨ੍ਹਾਂ ਦਾ ਮੁੱਖ ਮਕਸਦ ਖੁਦ ਨੂੰ ਬਾਹਰੀ ਪੁਲਾੜ ਵਿਚ ਹਥਿਆਰਾਂ ਦੀ ਤਾਇਨਾਤੀ ਦੇ ਸਬੰਧ ਵਿਚ ਆਜ਼ਾਦ ਰੱਖਣ ਦਾ ਹੈ।’’ ਉਨ੍ਹਾਂ ਕਿਹਾ ਕਿ ਹਰੇਕ ਮੁਲਕ ਕਹਿੰਦਾ ਹੈ ਕਿ ਉਹ ਹਥਿਆਰਾਂ ਨੂੰ ਪੁਲਾੜ ਤੋਂ ਦੂਰ ਰੱਖਣਾ ਚਾਹੁੰਦਾ ਹੈ ਤੇ ਕੌਂਸਲ ਦੇ ਮੈਂਬਰ ਮੁਲਕਾਂ ਨੇ ਵੀ ਸੋਮਵਾਰ ਨੂੰ ਇਹ ਗੱਲ ਦੁਹਰਾਈ ਹੈ।

sant sagar