ਜੈਸ਼ੰਕਰ ਵੱਲੋਂ ਓਮਾਨੀ ਹਮਰੁਤਬਾ ਅਲਬੁਸੈਦੀ ਨਾਲ ਮੁਲਾਕਾਤ

ਵਪਾਰ, ਨਿਵੇਸ਼ ਤੇ ਊਰਜਾ ਸੁਰੱਖਿਆ ’ਚ ਦੁਵੱਲੇ ਸਹਿਯੋਗ ਬਾਰੇ ਕੀਤੀ ਚਰਚਾ
ਮਸਕਟ/ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਓਮਾਨੀ ਹਮਰੁਤਬਾ ਬਦਰ ਅਲਬੁਸੈਦੀ ਨਾਲ ਵਪਾਰ, ਨਿਵੇਸ਼ ਤੇ ਊਰਜਾ ਸੁਰੱਖਿਆ ’ਚ ਦੁਵੱਲੇ ਸਹਿਯੋਗ ਬਾਰੇ ਚਰਚਾ ਕੀਤੀ। ਜੈਸ਼ੰਕਰ ਅੱਠਵੇਂ ਹਿੰਦ ਮਹਾਸਾਗਰ ਸੰਮੇਲਨ ’ਚ ਹਿੱਸਾ ਲੈਣ ਲਈ ਇੱਥੇ ਓਮਾਨ ਦੀ ਰਾਜਧਾਨੀ ’ਚ ਹਨ।
ਜੈਸ਼ੰਕਰ ਨੇ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘ਅੱਜ ਸਵੇਰੇ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੁਸੈਦੀ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। 8ਵੇਂ ਹਿੰਦ ਮਹਾਸਾਗਰ ਸੰਮੇਲਨ ਦੀ ਸਫਲ ਮੇਜ਼ਬਾਨੀ ਲਈ ਉਨ੍ਹਾਂ ਦੀਆਂ ਨਿੱਜੀ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਕਾਰੋਬਾਰ, ਨਿਵੇਸ਼ ਅਤੇ ਊਰਜਾ ਸੁਰੱਖਿਆ ਸਮੇਤ ਹੋਰ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਵਿਸਥਾਰ ਨਾਲ ਚਰਚਾ ਹੋਈ। ਦੋਵਾਂ ਆਗੂਆਂ ਨੇ ਸਾਂਝੇ ਤੌਰ ’ਤੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾਉਣ ਸਬੰਧੀ ਲੋਗੋ ਵੀ ਜਾਰੀ ਕੀਤਾ। ਉਨ੍ਹਾਂ ਨੇ ‘ਮਾਂਡਵੀ ਟੂ ਮਸਕਟ: ਇੰਡੀਅਨ ਕਮਿਊਨਿਟੀ ਐਂਡ ਦਿ ਸ਼ੇਅਰਡ ਹਿਸਟਰੀ ਆਫ ਇੰਡੀਆ ਐਂਡ ਓਮਾਨ’ ਵੀ ਰਿਲੀਜ਼ ਕੀਤੀ। ਇਸ ਤੋਂ ਬਾਅਦ ਜੈਸ਼ੰਕਰ ਨੇ ਆਪਣੇ ਇਰਾਨੀ ਹਮਰੁਤਬਾ ਅੱਬਾਸ ਅਰਾਗਚੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਐਕਸ ’ਤੇ ਲਿਖਿਆ, ‘ਅੱਜ ਬਾਅਦ ਦੁਪਹਿਰ ਇਰਾਨ ਦੇ ਵਿਦੇਸ਼ ਮੰਤਰੀ ਅਰਾਗਚੀ ਨਾਲ ਚੰਗੀ ਮੁਲਾਕਾਤ ਹੋਈ। ਉਨ੍ਹਾਂ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਖੇਤਰੀ ਵਿਕਾਸ ਨੂੰ ਵਧਾਉਣ ਬਾਰੇ ਚਰਚਾ ਕੀਤੀ।’ ਇਸੇ ਤਰ੍ਹਾਂ ਜੈਸ਼ੰਕਰ ਨੇ ਬਰੁਨੇਈ ਦੇ ਵਿਦੇਸ਼ ਮੰਤਰੀ ਦਾਤੋ ਐਰੀਵਨ ਪੈਹਿਨ ਯੂਸੁਫ, ਭੂਟਾਨ ਦੇ ਵਿਦੇਸ਼ ਮੰਤਰੀ ਡੀਐੱਨ ਡੁੰਗਯੇਲ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਹਿੰਦ ਮਹਾਸਾਗਰ ਕਾਨਫਰੰਸ ਦੇ ਇੱਕ ਪਾਸੇ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਵੀ ਮੁਲਾਕਾਤ ਕੀਤੀ।
ਇਸੇ ਤਰ੍ਹਾਂ ਜੈਸ਼ੰਕਰ ਨੇ ਬੀਤੇ ਦਿਨ ਜਰਮਨੀ ’ਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨਾਲ ਮੁਲਾਕਾਤ ਕੀਤੀ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਤੇ ਇਜ਼ਰਾਈਲ ਰਾਹੀਂ ਏਸ਼ੀਆ, ਯੂਰਪ ਤੇ ਅਮਰੀਕਾ ਨੂੰ ਜੋੜਨ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਰੀਏ ਸਮੇਤ ਕਈ ਅਹਿਮ ਮਾਮਲਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਤੇ ਸਾਰ ਨੇ ਮਿਊਨਿਖ ਸੁਰੱਖਿਆ ਸੰਮੇਲਨ ਦੇ ਇੱਕ ਪਾਸੇ ਮੁਲਾਕਾਤ ਕੀਤੀ ਜੋ ਸੁਰੱਖਿਆ-ਕੂਟਨੀਤਕ ਮਾਮਲਿਆਂ ’ਤੇ ਚਰਚਾ ਕਰਨ ਲਈ ਇੱਕ ਅਹਿਮ ਆਲਮੀ ਮੰਚ ਹੈ। ਵਿਦੇਸ਼ ਮੰਤਰੀ ਨੇ ਐਕਸ ’ਤੇ ਕਿਹਾ, ‘ਐੱਮਐੱਸਸੀ 2025 ਦੇ ਮੌਕੇ ’ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ।’