ਫਰਾਂਸ: ਰਾਸ਼ਟਰਪਤੀ ਮੈਕਰੌਂ ਨੇ ਮਯੋਟ ’ਚ ਤਬਾਹੀ ਦਾ ਜਾਇਜ਼ਾ ਲਿਆ

ਮਮੌਦਜ਼ੂ,(ਇੰਡੋ ਕਨੇਡੀਅਨ ਟਾਇਮਜ਼)- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਮਯੋਟ ਵਿੱਚ ਚੱਕਰਵਾਤ ‘ਚੀਡੋ’ ਨਾਲ ਹੋਈ ਤਬਾਹੀ ਦਾ ਜਾਇਜ਼ਾ ਲਿਆ, ਜਿੱਥੇ ਹਜ਼ਾਰਾਂ ਲੋਕਾਂ ਪਾਣੀ ਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਨਿਰਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਯੋਟ ਹਿੰਦ ਮਹਾਸਾਗਰ ’ਚ ਅਫਰੀਕਾ ਦੇ ਪੂਰਬੀ ਤੱਟ ਅਤੇ ਉੱਤਰੀ ਮੈਡਗਾਸਕਰ ਵਿਚਾਲੇ ਸਥਿਤ ਫਰਾਂਸ ਦਾ ਸਭ ਤੋਂ ਗਰੀਬ ਇਲਾਕਾ ਹੈ।
ਮੈਕਰੌਂ ਦੇ ਜਹਾਜ਼ ’ਚ ਉਤਰਦੇ ਸਾਰ ਹੀ ਹਵਾਈ ਅੱਡੇ ਦੀ ਇੱਕ ਸੁਰੱਖਿਆ ਏਜੰਟ ਨੇ ਉਨ੍ਹਾਂ ਨੂੰ ਦੱਸਿਆ ‘‘ਮਯੋਟ ਤਬਾਹ ਹੋ ਚੁੱਕਾ ਹੈ।’’ ਸੁਰੱਖਿਆ ਏਜੰਟ ਐਸੇਨ ਹਲੋਈ ਨੇ ਕਿਹਾ ਕਿ ਛੋਟੇ ਬੱਚੇ ਪਾਣੀ ਤੇ ਬਿਜਲੀ ਤੋਂ ਬਿਨਾਂ ਹਨ ਅਤੇ ਉਨ੍ਹਾਂ ਕੋਲ ਜਾਣ ਲਈ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ‘ਸਭ ਕੁਝ ਤਬਾਹ ਹੋ ਚੁੱਕਾ ਹੈ।’’ ਐਮਰਜੈਂਸੀ ਮਦਦ ਦੀ ਮੰਗ ਕਰਦਿਆਂ ਉਸ ਨੇ ਕਿਹਾ, ‘‘ਕਿਸੇ ਕੋਲ ਆਸਰਾ ਨਹੀਂ ਹੈ, ਉੱਥੇ ਕੁਝ ਨਹੀਂ ਹੈ। ਪਾਣੀ, ਖਾਣਾ, ਬਿਜਲੀ ਆਦਿ ਕੁਝ ਨਹੀਂ ਹੈ। ਅਸੀਂ ਕਿਤੇ ਪਨਾਹ ਵੀ ਨਹੀਂ ਲੈ ਸਕਦੇ।’’ ਮੈਕਰੌਂ ਨੇ ਹੈਲੀਕਾਪਰਟਰ ਰਾਹੀਂ ਨੁਕਸਾਨ ਦਾ ਜਾਇਜ਼ਾ ਲਿਆ।
31 ਮੌਤਾਂ ਤੇ 1500 ਤੋਂ ਵੱਧ ਜ਼ਖ਼ਮੀ
ਫਰਾਂਸੀਸੀ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਕਾਰਨ ਘੱਟ-ਘੱਟ 31 ਵਿਅਕਤੀ ਮਾਰੇ ਗਏ ਹਨ ਜਦਿਕ 1,500 ਤੋਂ ਵੱਧ ਜ਼ਖਮੀ ਹਨ, ਜਿਨ੍ਹਾਂ ’ਚੋਂ 200 ਤੋਂ ਵੱਧ ਦੀ ਹਾਲਤ ਗੰਭੀਰ ਹੈ। ਇਸੇ ਦੌਰਾਨ ਅਹਿਮਦੀ ਮੁਹੰਮਦ ਨੇ ਕਿਹਾ ਕਿ ਮੈਕਰੌਂ ਦਾ ਦੌਰਾ ‘ਇੱਕ ਵਧੀਆ ਕਦਮ ਹੈ, ਕਿਉਂਕਿ ਉਹ ਖ਼ੁਦ ਹੀ ਨੁਕਸਾਨ ਦੇਖ ਸਕਣਗੇ।’’ ਦੱਸਣਯੋਗ ਹੈ ਕਿ ਚੱਕਰਵਾਤ ਨੇ ਮਮੌਦਜ਼ੂ ਦੇ ਬਾਹਰਵਾਰ ਬਸਤੀ ’ਚ ਰਹਿੰਦੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਜਿਥੇ ਕਈਆਂ ਦੇ ਘਰ ਤਬਾਹ ਹੋ ਗਏ।