ਉਮੀਦਵਾਰਾਂ ਦੇ ਐਲਾਨ ਮਗਰੋਂ ਭਖਣ ਲੱਗਿਆ ਚੋਣ ਮਾਹੌਲ
ਉਮੀਦਵਾਰਾਂ ਦੇ ਐਲਾਨ ਮਗਰੋਂ ਭਖਣ ਲੱਗਿਆ ਚੋਣ ਮਾਹੌਲ
ਸੰਗਰੂਰ-ਇੱਥੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਰਾਜਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਮਗਰੋਂ ਚੋਣ ਮਾਹੌਲ ਭਖਣ ਲੱਗਿਆ ਹੈ। ਸਿਰਫ਼ ਭਾਜਪਾ ਵੱਲੋਂ ਹਾਲੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਜਦੋਂਕਿ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਇਸ ਵਾਰ ਇੱਥੇ ਫਸਵਾਂ ਚੋਣ ਮੁਕਾਬਲਾ ਹੋਣ ਦੇ ਆਸਾਰ ਹਨ।
ਸਭ ਤੋਂ ਦਿਲਚਸਪ ਸਿਆਸੀ ਪਹਿਲੂ ਇਹ ਹੈ ਕਿ ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਸਮਝਿਆ ਜਾਂਦਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਤਾਰਿਆ ਹੈ। ਮੀਤ ਹੇਅਰ ਚੋਣ ਮੁਹਿੰਮ ’ਚ ਜੁਟੇ ਹੋਏ ਹਨ।
ਕਾਂਗਰਸ ਵੱਲੋਂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਪਾਰਟੀ ਟਿਕਟ ਨਾ ਮਿਲਣ ’ਤੋਂ ਖਫ਼ਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਾਰਟੀ ਹਾਈਕਮਾਨ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਗੋਲਡੀ ਦੇ ਘਰ ਪੁੱਜ ਕੇ ਉਨ੍ਹਾਂ ਦੇ ਗਿਲ੍ਹੇ ਸ਼ਿਕਵੇ ਦੂਰ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਮੈਦਾਨ ’ਚ ਨਿੱਤਰੇ ਹਨ ਜਿਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਸੰਨ 2022 ਦੀ ਜ਼ਿਮਨੀ ਚੋਣ ’ਚ ਸ੍ਰੀ ਮਾਨ ਨੇ ‘ ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਫਸਵੇਂ ਮੁਕਾਬਲੇ ’ਚ 5822 ਵੋਟਾਂ ਨਾਲ ਹਰਾਇਆ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਟਿਕਟ ਲਈ ਪ੍ਰਮੁੱਖ ਦਾਅਵੇਦਾਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕਰਕੇ ਇਕਬਾਲ ਸਿੰਘ ਝੂੰਦਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਟਿਕਟ ਨਾ ਮਿਲਣ ਕਾਰਨ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਕਿਸੇ ਤੋਂ ਛੁਪੀ ਨਹੀਂ ਹੈ ਜਿਸ ਕਾਰਨ ਇਕਬਾਲ ਸਿੰਘ ਝੂੰਦਾਂ ਲਈ ਵੀ ਦੇਸ਼ ਦੀ ਸੰਸਦ ਦਾ ਰਾਹ ਸੌਖਾ ਨਹੀਂ ਹੋਵੇਗਾ।
ਬਸਪਾ ਵੱਲੋਂ ਡਾ. ਮੱਖਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਹਨ। ਉਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਹਨ ਅਤੇ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਭਾਜਪਾ ਵੱਲੋਂ ਹਾਲੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜਦੋਂਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ, ਬੀਬੀ ਦਾਮਨ ਥਿੰਦ ਬਾਜਵਾ ਦਾ ਨਾਂ ਸੰਭਾਵੀ ਉਮੀਦਵਾਰਾਂ ’ਚ ਸ਼ਾਮਲ ਹੈ। ਭਾਜਪਾ ਦੇ ਉਮੀਦਵਾਰ ਦਾ ਐਲਾਨ ਹੋਣ ਮਗਰੋਂ ਹਲਕੇ ਦੀ ਸਥਿਤੀ ਸਪੱਸ਼ਟ ਹੋਵੇਗੀ।