ਫਿਲਪੀਨਜ਼ ’ਚ ਜਵਾਲਾਮੁਖੀ ਫਟਣ ਮਗਰੋਂ ਕਈ ਪਿੰਡ ਖਾਲੀ ਕਰਵਾਏ

ਫਿਲਪੀਨਜ਼ ’ਚ ਜਵਾਲਾਮੁਖੀ ਫਟਣ ਮਗਰੋਂ ਕਈ ਪਿੰਡ ਖਾਲੀ ਕਰਵਾਏ

ਮਨੀਲਾ,(ਇੰਡੋ ਕਨੇਡੀਅਨ ਟਾਇਮਜ਼)- ਫਿਲਪੀਨਜ਼ ਦੇ ਮੱਧ ਖੇਤਰ ’ਚ ਜਵਾਲਾਮੁਖੀ ਫਟਣ ਤੋਂ ਬਾਅਦ ਅੱਜ ਵੱਖ-ਵੱਖ ਪਿੰਡਾਂ ਦੇ ਕਰੀਬ 87 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਜਵਾਲਾਮੁਖੀ ਫਟਣ ਮਗਰੋਂ ਗੈਸ ਅਤੇ ਸੁਆਹ ਦਾ ਇੱਕ ਵੱਡਾ ਗੁਬਾਰ ਤੇ ਮਲਬੇ ਦੇ ਨਾਲ ਗਰਮ ਲਾਵਾ ਪੱਛਮੀ ਢਲਾਣਾਂ ਤੋਂ ਹੇਠਾਂ ਵਗਦਾ ਦੇਖਿਆ ਗਿਆ। ਕੇਂਦਰੀ ਨੇਗਰੋਸ ਟਾਪੂ ’ਤੇ ਮਾਊਂਟ ਕੈਨਲਾਓਨ ਜਵਾਲਾਮੁਖੀ ਫਟਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਖ਼ਤ ਚਿਤਾਵਨੀ ਜਾਰੀ ਕੀਤੀ ਗਈ ਹੈ।

ਫਿਲਪੀਨਜ਼ ਦੇ ਮੁੱਖ ਜਵਾਲਾਮੁਖੀ ਵਿਗਿਆਨੀ ਟੈਰੇਸਿਟੋ ਬੈਕੋਲਕੋਲ ਅਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਜਵਾਲਾਮੁਖੀ ਦੀ ਸੁਆਹ ਐਂਟੀਕ ਸੂਬੇ ਸਮੇਤ ਪੱਛਮ ਵੱਲ 200 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਮੁੰਦਰੀ ਖੇਤਰ ਵਿੱਚ ਡਿੱਗੀ। ਸੁਆਹ ਦੇ ਗੁਬਾਰ ਕਾਰਨ ਦਿਸਣ ਹੱਦ ਘੱਟ ਗਈ ਅਤੇ ਸਿਹਤ ਲਈ ਵੀ ਖ਼ਤਰਾ ਪੈਦਾ ਹੋ ਗਿਆ। ਫਿਲਪੀਨਜ਼ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਅਨੁਸਾਰ ਕੈਨਲਾਓਨ ਜਵਾਲਾਮੁਖੀ ਫਟਣ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਘੱਟੋ ਘੱਟ ਛੇ ਘਰੇਲੂ ਉਡਾਣਾਂ ਅਤੇ ਸਿੰਗਾਪੁਰ ਲਈ ਇੱਕ ਉਡਾਣ ਰੱਦ ਕਰ ਦਿੱਤੀ ਗਈ। ਇਸੇ ਤਰ੍ਹਾਂ ਦੋ ਸਥਾਨਕ ਉਡਾਣਾਂ ਨੂੰ ਮੋੜ ਦਿੱਤਾ ਗਿਆ। ਨਾਗਰਿਕ ਸੁਰੱਖਿਆ ਦਫਤਰ ਨੇ ਕਿਹਾ ਕਿ ਕੈਨਲਾਓਨ ਦੇ ਪੱਛਮੀ ਅਤੇ ਦੱਖਣੀ ਢਲਾਣਾਂ ਦੇ ਨੇੜਲੇ ਕਸਬਿਆਂ ਅਤੇ ਪਿੰਡਾਂ ਤੋਂ ਤੁਰੰਤ ਵੱਡੇ ਪੱਧਰ ’ਤੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। -ਏਪੀ

sant sagar