ਅਮਰੀਕਾ ਨੇ ਪਾਕਿ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕੀਤਾ

ਅਮਰੀਕਾ ਨੇ ਪਾਕਿ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕੀਤਾ

ਅਮਰੀਕਾ ਨੇ ਪਾਕਿ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕੀਤਾ
ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ’ਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕਰਦਿਆਂ ਦੇਸ਼ ਦੇ ਜਮਹੂਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਅਤਿਵਾਦੀ ਖ਼ਤਰਿਆਂ ਦੇ ਟਾਕਰੇ ਲਈ ਸਹਿਯੋਗ ਕਰਨ ਦੀ ਵਾਸ਼ਿੰਗਟਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਸੰਸਦੀ ਕਮੇਟੀ ਅੱਗੇ ਬਿਆਨ ਦਰਜ ਕਰਾਉਣਗੇ ਜੋ ‘ਚੋਣਾਂ ਤੋਂ ਬਾਅਦ ਪਾਕਿਸਤਾਨ: ਪਾਕਿਸਤਾਨ ’ਚ ਲੋਕਤੰਤਰ ਦੇ ਭਵਿੱਖ ਦੀ ਜਾਂਚ ਅਤੇ ਅਮਰੀਕਾ-ਪਾਕਿਸਤਾਨ ਸਬੰਧ’ ਵਿਸ਼ੇ ’ਤੇ ਸੁਣਵਾਈ ਕਰ ਰਹੀ ਹੈ। ਲੂ ਉਹ ਡਿਪਲੋਮੈਟ ਹਨ ਜਿਨ੍ਹਾਂ ਅਮਰੀਕਾ ’ਚ ਪਾਕਿਸਤਾਨ ਦੇ ਸਾਬਕਾ ਸਫ਼ੀਰ ਅਸਦ ਮਜੀਦ ਨੂੰ ਚਿਤਾਵਨੀ ਦਿੱਤੀ ਸੀ ਅਤੇ ਇਸ ਨੂੰ ਆਧਾਰ ਬਣਾ ਕੇ ਇਮਰਾਨ ਖ਼ਾਨ ਨੇ ਅਮਰੀਕਾ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਦੀ ਸਰਕਾਰ ਡੇਗੀ ਸੀ। ਮੰਗਲਵਾਰ ਨੂੰ ਅਪਲੋਡ ਕੀਤੀ ਗਈ ਲਿਖਤੀ ਗਵਾਹੀ ’ਚ ਲੂ ਨੇ ਦੋਵੇਂ ਮੁਲਕਾਂ ਨਾਲ ਸਬੰਧਤ ਕਈ ਮੁੱਦੇ ਚੁੱਕੇ ਅਤੇ ਪਾਕਿਸਤਾਨ ’ਚ ਅਮਰੀਕੀ ਨੀਤੀ ਬਾਰੇ ਅੱਗੇ ਦੀ ਰੂਪ-ਰੇਖਾ ਰੱਖੀ। ਉਨ੍ਹਾਂ ਜ਼ਿਕਰ ਕੀਤਾ ਕਿ ਵਿਦੇਸ਼ ਵਿਭਾਗ ਨੇ ਪਿਛਲੇ ਮਹੀਨੇ ਪਾਕਿਸਤਾਨ ’ਚ ਆਮ ਚੋਣਾਂ ਦੇ ਇਕ ਦਿਨ ਬਾਅਦ ਸਪੱਸ਼ਟ ਬਿਆਨ ਜਾਰੀ ਕੀਤਾ ਸੀ ਜਿਸ ’ਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤਮਈ ਇਕੱਠਾਂ ’ਤੇ ਪਾਬੰਦੀਆਂ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਭਾਗ ਨੇ ਚੋਣ ਹਿੰਸਾ ਅਤੇ ਮਨੁੱਖੀ ਹੱਕਾਂ ਤੇ ਬੁਨਿਆਦੀ ਆਜ਼ਾਦੀ ’ਤੇ ਪਾਬੰਦੀਆਂ ਦੇ ਨਾਲ ਨਾਲ ਮੀਡੀਆ ਕਰਮੀਆਂ ’ਤੇ ਹਮਲਿਆਂ ਅਤੇ ਇੰਟਰਨੈੱਟ ਤੇ ਦੂਰਸੰਚਾਰ ਸੇਵਾਵਾਂ ਠੱਪ ਕਰਨ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਚੋਣਾਂ ਤੋਂ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਬਾਰੇ ਫਿਕਰਮੰਦ ਸੀ। ਲੂ ਨੇ ਕਿਹਾ ਕਿ ਚੋਣਾਂ ਵਾਲੇ ਦਿਨ ਸਥਾਨਕ ਚੋਣ ਨਿਗਰਾਨ ਜਥੇਬੰਦੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅੱਧੇ ਤੋਂ ਜ਼ਿਆਦਾ ਹਲਕਿਆਂ ’ਚ ਵੋਟਿੰਗ ਪ੍ਰਕਿਰਿਆ ਦੇਖਣ ਤੋਂ ਰੋਕ ਦਿੱਤਾ ਗਿਆ ਸੀ। ਸਹਾਇਕ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਆਮ ਚੋਣਾਂ ਦੌਰਾਨ ਹਾਂ-ਪੱਖੀ ਰੁਝਾਨ ਵੀ ਦੇਖਣ ਨੂੰ ਮਿਲਿਆ ਅਤੇ ਧਮਕੀਆਂ ਦੇ ਬਾਵਜੂਦ 2.1 ਕਰੋੜ ਔਰਤਾਂ ਸਮੇਤ 6 ਕਰੋੜ ਪਾਕਿਸਤਾਨੀਆਂ ਨੇ ਵੋਟਿੰਗ ’ਚ ਹਿੱਸਾ ਲਿਆ। ਵੋਟਰਾਂ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ 50 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਨੂੰ ਸੰਸਦ ਭੇਜਿਆ। ਲੂ ਨੇ ਕਿਹਾ ਕਿ ਪਾਕਿਸਤਾਨ ’ਚ ਆਰਥਿਕ ਸਥਿਰਤਾ ਬਹਾਲ ਕਰਨ ਲਈ ਵਾਸ਼ਿੰਗਟਨ ਅਹਿਮ ਭੂਮਿਕਾ ਨਿਭਾ ਰਿਹਾ ਹੈ।

sant sagar