ਟਰੰਪ ਨੇ ਮੁੜ ਚੋਣਾਂ ’ਚ ਹੇਰ-ਫੇਰ ਦਾ ਰੋਣਾ ਰੋਇਆ

ਟਰੰਪ ਨੇ ਮੁੜ ਚੋਣਾਂ ’ਚ ਹੇਰ-ਫੇਰ ਦਾ ਰੋਣਾ ਰੋਇਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਕੀਤੀ ਇਕ ਰੈਲੀ ਵਿਚ ਮੁੜ ਚੋਣਾਂ ਸਬੰਧੀ ਆਪਣੀਆਂ ਬੇਬੁਨਿਆਦ ਸ਼ਿਕਾਇਤਾਂ ਸੁਣਾਈਆਂ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੁਲਕ ਡੈਮੋਕਰੈਟਾਂ ਦੀ ਸੱਤਾ ’ਚ ਹੇਠਾਂ ਵੱਲ ਨੂੰ ਜਾ ਰਿਹਾ ਹੈ। ਵਾਈਟ ਹਾਊਸ ਛੱਡਣ ਤੋਂ ਬਾਅਦ ਟਰੰਪ ਦੀ ਚੋਣਾਂ ਵਰਗੀ ਇਹ ਪਹਿਲੀ ਰੈਲੀ ਸੀ। ਟਰੰਪ ਦਾ ਮੰਤਵ ਆਪਣੇ ਉਨ੍ਹਾਂ ਰਿਪਬਲਿਕਨ ਸਾਥੀਆਂ ਨੂੰ ਨਿਸ਼ਾਨਾ ਬਣਾਉਣਾ ਵੀ ਸੀ ਜਿਨ੍ਹਾਂ ਮਹਾਦੋਸ਼ ਦੀ ਕਾਰਵਾਈ ਦੌਰਾਨ ਉਸ ਦੇ ਖ਼ਿਲਾਫ਼ ਵੋਟ ਪਾਈ ਸੀ। ਕਲੀਵਲੈਂਡ ਨੇੜੇ ਕੀਤੀ ਗਈ ਇਸ ਰੈਲੀ ਵਿਚ ਡੋਨਲਡ ਟਰੰਪ ਨੇ ਮੈਕਸ ਮਿਲਰ ਦੀ ਹਮਾਇਤ ਕੀਤੀ ਜੋ ਕਿ ਰਿਪਬਲਿਕਨ ਐਂਥਨੀ ਗੋਂਜ਼ਾਲੇਜ਼ ਨੂੰ ਕਾਂਗਰੈਸ਼ਨਲ ਸੀਟ ਲਈ ਚੁਣੌਤੀ ਦੇ ਰਹੇ ਹਨ। ਮਿਲਰ ਵਾਈਟ ਹਾਊਸ ਵਿਚ ਟਰੰਪ ਦੇ ਨਾਲ ਕੰਮ ਕਰ ਚੁੱਕੇ ਹਨ। ਗੋਂਜ਼ਾਲੇਜ਼ ਨੇ ਮਹਾਦੋਸ਼ ਦੀ ਕਾਰਵਾਈ ਦੌਰਾਨ ਟਰੰਪ ਦੇ ਖ਼ਿਲਾਫ਼ ਵੋਟਿੰਗ ਕੀਤੀ ਸੀ। ਸਾਬਕਾ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫੇਰ 3 ਨਵੰਬਰ, 2020 ਦੇ ਉਨ੍ਹਾਂ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਵਿਚ ਡੈਮੋਕਰੈਟਿਕ ਜੋਅ ਬਾਇਡਨ ਨੇ ਜਿੱਤ ਦਰਜ ਕੀਤੀ ਸੀ। ਰੈਲੀ ਦੌਰਾਨ ਟਰੰਪ ਦੇ ਹਮਾਇਤੀਆਂ ਨੇ ਸ਼ਹਿਰ ਵਿਚ ਉਸ ਦੇ ਸਮਰਥਨ ਵਿਚ ਕਈ ਪੋਸਟਰ ਵੀ ਲਾਏ ਸਨ। ਦੱਸਣਯੋਗ ਹੈ ਕਿ ਟਰੰਪ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੈਨਹੱਟਨ ਦੇ ਵਕੀਲਾਂ ਨੇ ਟਰੰਪ ਦੀ ਕੰਪਨੀ ਨੂੰ ਜਾਣੂ ਕਰਵਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਕਾਰੋਬਾਰੀ ਸੌਦਿਆਂ ਲਈ ਕੰਪਨੀ ਨੂੰ ਅਪਰਾਧਿਕ ਦੋਸ਼ਾਂ ਦਾ ਜਲਦੀ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਕਿਹਾ ਹੈ ਕਿ ਇਹ ਕਾਰਵਾਈ ਉਸ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ। 

sant sagar