ਭਾਰਤ ਨਾਲ ਜ਼ਮੀਨੀ ਸੰਪਰਕ ਕਾਇਮ ਕਰਨ ਦੀ ਤਜਵੀਜ਼ ਦਾ ਅਧਿਐਨ ਅੰਤਿਮ ਪੜਾਅ ’ਤੇ: ਵਿਕਰਮਸਿੰਘੇ

ਭਾਰਤ ਨਾਲ ਜ਼ਮੀਨੀ ਸੰਪਰਕ ਕਾਇਮ ਕਰਨ ਦੀ ਤਜਵੀਜ਼ ਦਾ ਅਧਿਐਨ ਅੰਤਿਮ ਪੜਾਅ ’ਤੇ: ਵਿਕਰਮਸਿੰਘੇ

ਕੋਲੰਬੋ, (ਇੰਡੋ ਕਨੇਡੀਅਨ ਟਾਇਮਜ਼)-ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਹੈ ਕਿ ਭਾਰਤ ਨਾਲ ਜ਼ਮੀਨੀ ਤੌਰ ’ਤੇ ਸੰਪਰਕ ਕਾਇਮ ਕਰਨ ਦੀ ਤਜਵੀਜ਼ ਦਾ ਅਧਿਐਨ ਅੰਤਿਮ ਪੜਾਅ ’ਤੇ ਹੈ। ਉੱਤਰ-ਪੂਰਬੀ ਜ਼ਿਲ੍ਹੇ ਮੰਨਾਰ ’ਚ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਪੁੱਜੇ ਵਿਕਰਮਸਿੰਘੇ ਨੇ ਕਿਹਾ ਕਿ ਅਧਿਐਨ ਦਾ ਮੁੱਢਲਾ ਕੰਮ ਖ਼ਤਮ ਹੋ ਗਿਆ ਹੈ ਅਤੇ ਅੰਤਿਮ ਪੜਾਅ ਦਾ ਕੰਮ ਵੀ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਦੋਵੇਂ ਮੁਲਕਾਂ ਵਿਚਕਾਰ ਪਾਵਰ ਗਰਿੱਡ ਕੁਨੈਕਸ਼ਨ ਦੀ ਸੰਭਾਵਨਾ ਬਾਰੇ ਵੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਮੌਜੂਦਾ ਹਫ਼ਤੇ ਹੋਣ ਵਾਲੇ ਸ੍ਰੀਲੰਕਾ ਦੌਰੇ ਦੌਰਾਨ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਵਿਕਰਮਸਿੰਘੇ ਨੇ ਕਿਹਾ ਕਿ ਭਾਰਤ ਨੂੰ ਵਾਧੂ ਨਵਿਆਉਣਯੋਗ ਊਰਜਾ ਵੇਚੇ ਜਾਣ ਸਬੰਧੀ ਮੁੱਦੇ ’ਤੇ ਵੀ ਚਰਚਾ ਹੋਵੇਗੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਸੀ ਕਿ ਜੈਸ਼ੰਕਰ 20 ਜੂਨ ਨੂੰ ਕੋਲੰਬੋ ਆਉਣਗੇ। ਇਸ ਦੀ ਜੇਕਰ ਪੁਸ਼ਟੀ ਹੋ ਗਈ ਤਾਂ ਨਵੀਂ ਸਰਕਾਰ ’ਚ ਵਿਦੇਸ਼ ਮੰਤਰੀ ਬਣਨ ਮਗਰੋਂ ਜੈਸ਼ੰਕਰ ਦਾ ਇਹ ਪਹਿਲਾ ਵਿਦੇਸ਼ ਦੌਰਾ ਹੋਵੇਗਾ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੰਨਾਰ ’ਚ ਅਡਾਨੀ ਗਰੁੱਪ ਦੇ ਪੌਣ ਬਿਜਲੀ ਪ੍ਰਾਜੈਕਟ ਅਤੇ ਤ੍ਰਿੰਕੋਮਾਲੀ ਦੇ ਪੂਰਬੀ ਬੰਦਰਗਾਹ ਜ਼ਿਲ੍ਹੇ ’ਚ ਇੰਡਸਟਰੀਅਲ ਜ਼ੋਨ ਸਥਾਪਤ ਕਰਨ ਸਮੇਤ ਸ੍ਰੀਲੰਕਾ ’ਚ ਸਾਰੇ ਭਾਰਤੀ ਪ੍ਰਾਜੈਕਟਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। 

ad