ਭਾਰਤ ਤੇ ਚੀਨ ਸਰਹੱਦ ’ਤੇ ਸਥਿਤੀ ਤਣਾਅ ਮੁਕਤ ਬਣਾਉਣ ਲਈ ਸਹਿਮਤ: ਪੇਈਚਿੰਗ

ਪੇਈਚਿੰਗ (ਇੰਡੋ ਕਨੇਡੀਅਨ ਟਾਇਮਜ਼)- ਭਾਰਤ ਤੇ ਚੀਨ ਪੂਰਬੀ ਲੱਦਾਖ ’ਚ ਬਣੇ ਅੜਿੱਕੇ ਨੂੰ ਹੱਲ ਕਰਨ ਲਈ ਅਕਤੂਬਰ ’ਚ ਹੋਏ ਸਮਝੌਤੇ ਨੂੰ ਲਾਗੂ ਕਰਦਿਆਂ ਸਰਹੱਦਾਂ ’ਤੇ ਸਥਿਤੀ ਤਣਾਅ ਮੁਕਤ ਬਣਾਉਣ ਲਈ ਕਦਮ ਚੁੱਕਣ ’ਤੇ ਸਹਿਮਤ ਹੋਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ’ਚ ਵਾਰਤਾ ਤੋਂ ਇੱਕ ਦਿਨ ਬਾਅਦ ਇਹ ਗੱਲ ਕਹੀ। ਚੀਨ ਤੇ ਭਾਰਤ ਨੇ ਬੀਤੇ ਦਿਨ ਨਵੀਂ ਦਿੱਲੀ ’ਚ ਚੀਨ-ਭਾਰਤ ਸਰਹੱਦੀ ਮਾਮਲਿਆਂ ’ਤੇ ਮਸ਼ਵਰਾ ਤੇ ਤਾਲਮੇਲ ਲਈ ਕਾਰਜ ਪ੍ਰਣਾਲੀ (ਡਬਲਿਊਐੱਮਸੀਸੀ) ਦੀ 32ਵੀਂ ਮੀਟਿੰਗ ਕੀਤੀ ਅਤੇ ਦੋਵਾਂ ਧਿਰਾਂ ਨੇ ਕੂਟਨੀਤਕ ਤੇ ਫੌਜੀ ਚੈਨਲਾਂ ਰਾਹੀਂ ਸੰਚਾਰ ਬਣਾਏ ਰੱਖਣ ਤੇ ਸਰਹੱਦੀ ਖੇਤਰਾਂ ’ਚ ਸਥਾਈ ਸ਼ਾਂਤੀ ਤੇ ਸਥਿਰਤਾ ਦੀ ਰਾਖੀ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਦੋਵਾਂ ਧਿਰਾਂ ਨੇ ਸਰਹੱਦ ਨਾਲ ਸਬੰਧਤ ਮਸਲਿਆਂ ਦੇ ਕੀਤੇ ਗਏ ਹੱਲ ਦਾ ਸਕਾਰਾਤਮਕ ਮੁਲਾਂਕਣ ਕੀਤਾ ਅਤੇ ਸਰਹੱਦੀ ਸਥਿਤੀ ਨੂੰ ਹੋਰ ਤਣਾਅ ਮੁਕਤ ਬਣਾਉਣ ਦੇ ਉਪਾਅ ਕਰਦਿਆਂ ਉਨ੍ਹਾਂ ਨੂੰ ਲਗਾਤਾਰ ਅਸਰਦਾਰ ਢੰਗ ਨਾਲ ਲਾਗੂ ਕਰਨ ’ਤੇ ਸਹਿਮਤੀ ਜਤਾਈ। ਪੂਰਬੀ ਲੱਦਾਖ ’ਚ ਚਾਰ ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਸ਼ੁਰੂ ਹੋਏ ਫੌਜੀ ਵਿਵਾਦ ਨੂੰ ਹੱਲ ਕਰਨ ਲਈ ਦੋਵਾਂ ਮੁਲਕਾਂ ਵਿਚਾਲੇ 21 ਅਕਤੂਬਰ ਨੂੰ ਹੋਏ ਸਮਝੌਤੇ ਮਗਰੋਂ ਡਬਲਿਊਐੱਮਸੀਸੀ ਦੀ ਇਹ ਪਹਿਲੀ ਮੀਟਿੰਗ ਹੈ। ਫੌਜੀ ਟਰਕਾਅ ਦੀ ਸਥਿਤੀ ਨੇ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਤਣਾਅ ਪੂਰਨ ਬਣਾ ਦਿੱਤਾ ਸੀ। ਪ੍ਰੈੱਸ ਬਿਆਨ ਅਨੁਸਾਰ ਦੋਵਾਂ ਮੁਲਕਾਂ ਦੇ ਆਗੂਆਂ ਵੱਲੋਂ ਅਹਿਮ ਸਹਿਮਤੀ ਤੋਂ ਬਾਅਦ ਮੀਟਿੰਗ ’ਚ ਚੀਨ-ਭਾਰਤ ਸਰਹੱਦੀ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧਾਂ ਦੀ ਵਾਰਤਾ ਦੇ ਅਗਲੇ ਦੌਰ ਦੀਆਂ ਤਿਆਰੀਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਬਿਆਨ ਅਨੁਸਾਰ ਦੋਵਾਂ ਧਿਰਾਂ ਨੇ ਸਰਹੱਦੀ ਵਾਰਤਾ ਤੰਤਰ ਦੀ ਭੂਮਿਕਾ ਦਾ ਲਾਭ ਉਠਾਉਂਦੇ ਰਹਿਣ, ਕੂਟਨੀਤਕ ਤੇ ਫੌਜੀ ਚੈਨਲਾਂ ਰਾਹੀਂ ਸੰਪਰਕ ਬਣਾਏ ਰੱਖਣ ਅਤੇ ਸਰਹੱਦੀ ਖੇਤਰਾਂ ’ਚ ਸਥਾਈ ਸ਼ਾਂਤੀ ਤੇ ਸਥਿਰਤਾ ਦੀ ਰਾਖੀ ਕਰਨ ’ਤੇ ਵੀ ਸਹਿਮਤੀ ਜ਼ਾਹਿਰ ਕੀਤੀ।