ਭਾਰਤ ਤੇ ਚੀਨ ਸਬੰਧ ਸੁਧਾਰਨ ਲਈ ਸਹਿਮਤ

ਪੇਈਚਿੰਗ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਵਿਦੇਸ਼ ਮੰਤਰੀ ਵਾਂਗ ਯੀ ਨਾਲ ਅਹਿਮ ਵਾਰਤਾ ਮਗਰੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹੁਣ ਜਦੋਂ ਪੇਈਚਿੰਗ ਤੋਂ ਰਵਾਨਾ ਹੋ ਗਏ ਹਨ ਤਾਂ ਚੀਨ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਵੱਲੋਂ ਜਾਰੀ ਬਿਆਨ ’ਚ ਇਕੋ ਜਿਹਾ ਨਜ਼ਰੀਆ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਨੇ ਆਪਸੀ ਸਬੰਧਾਂ ’ਚ ਸੁਧਾਰ ਲਈ ਸਹਿਮਤੀ ਦਿਖਾਈ ਹੈ। ਸਰਹੱਦੀ ਮਸਲੇ ’ਤੇ ਵਿਸ਼ੇਸ਼ ਪ੍ਰਤੀਨਿਧਾਂ ਦੀ ਵਾਰਤਾ ਮਗਰੋਂ ਭਾਰਤ ਅਤੇ ਚੀਨ ਛੇ ਨੁਕਾਤੀ ਸਹਿਮਤੀ ’ਤੇ ਪਹੁੰਚ ਗਏ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋਵੇਂ ਮੁਲਕਾਂ ਦੇ ਬਿਆਨਾਂ ’ਚ ਇਕੋ ਜਿਹੇ ਸੁਨੇਹਾ ਦਿੱਤਾ ਗਿਆ ਹੈ। ਲਿਨ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਵਸੀਲਿਆਂ ਨੂੰ ਵਿਕਾਸ ’ਚ ਲਗਾਉਣਾ ਅਹਿਮ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਕਾਇਮ ਰਹੇ।