ਭਗਵੰਤ ਮਾਨ ਸਰਕਾਰ ਦੇ ਦਾਅਵੇ ਝੂਠੇ, ਪਹਿਲਾਂ ਤੋਂ ਦੁੱਗਣਾ ਹੋਇਆ ਨਸ਼ੇ ਦਾ ਕਾਰੋਬਾਰ-ਪ੍ਰਵਾਸੀ ਭਾਰਤੀ

ਭਗਵੰਤ ਮਾਨ ਸਰਕਾਰ ਦੇ ਦਾਅਵੇ ਝੂਠੇ, ਪਹਿਲਾਂ ਤੋਂ ਦੁੱਗਣਾ ਹੋਇਆ ਨਸ਼ੇ ਦਾ ਕਾਰੋਬਾਰ-ਪ੍ਰਵਾਸੀ ਭਾਰਤੀ

ਜਲੰਧਰ, - ਕੈਨੇਡਾ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਰਾਜਵਿੰਦਰ ਸਿੰਘ ਭਿੰਡਰ ਨੇ ਆਪਣੇ ਜੱਦੀ ਪਿੰਡ ਜੁਗਰਾਲ, ਜਮਸ਼ੇਰ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਇਕ ਪੱਤਰਕਾਰ ਸੰਮੇਲਨ ਕਰਦੇ ਹੋਏ ਕਿਹਾ ਕਿ ਸੂਬੇ 'ਚ ਕੁਝ ਦਿਨਾਂ ਦੇ ਅੰਦਰ ਨਸ਼ੇ ਦਾ ਕਾਰੋਬਾਰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਸਾਰੇ ਦਾਅਵੇ ਝੂਠੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਜੁਗਰਾਲ ਦੇ ਨਾਲ ਲੱਗਦੇ ਖੇਤਰ 'ਚ ਪਿੱਛਲੇ ਕੁੱਝ ਸਾਲਾਂ ਅੰਦਰ ਹੀ 50 ਤੋਂ ਵੱਧ ਵਿਅਕਤੀ ਨਸ਼ਿਆਂ ਦੀ ਭੇਟ ਚੱੜ੍ਹ ਚੁੱਕੇ ਹਨ | ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਪਿੱਛਲੀ ਤਿੰਨ ਵਾਰ ਤੋਂ ਲਗਾਤਾਰ ਇਲਾਕੇ ਦੇ ਵਿਧਾਇਕ ਚੱਲ ਰਹੇ ਪ੍ਰਗਟ ਸਿੰਘ ਵਲੋਂ ਵੀ ਨਸ਼ਿਆਂ ਖ਼ਿਲਾਫ਼ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਜਾ ਰਹੀ | ਜਿਹੜੇ ਵਿਅਕਤੀ ਨਸ਼ੇ ਦੇ ਆਦੀ ਹੋ ਗਏ ਹਨ, ਉਹ ਹੁਣ ਪਿੰਡ 'ਚ ਚੋਰੀਆਂ ਕਰਨ ਲੱਗੇ ਹਨ, ਇੱਥੋਂ ਤੱਕ ਕਿ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਘਰਾਂ ਅੰਦਰੋਂ ਕਣਕ ਤੱਕ ਚੋਰੀ ਕਰਕੇ ਲੈ ਜਾਂਦੇ ਹਨ | ਰਾਜਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਉਪਰਾਲੇ ਸਦਕਾ ਪਿੰਡ ਦੇ ਕੁਝ ਨੌਜਵਾਨਾਂ ਨੇ ਨਸ਼ਾ ਕਰਨਾ ਛੱਡਿਆ ਹੈ, ਇਸ ਦੇ ਬਾਵਜੂਦ ਪਿੰਡ 'ਚ 2-3 ਨਸ਼ਾ ਤੱਸਕਰ ਸਰਗਮ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਖ਼ਿਲਾਫ਼ ਕਾਰਵਾਈਆਂ ਕਰਨ ਤੋਂ ਰੋਕਣ ਲਈ ਧਮਕੀਆਂ ਦੇ ਰਹੇ ਹਨ | ਪਿੰਡ ਦਾ ਇਕ ਵਿਅਕਤੀ ਸ਼ਰੇਆਮ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਹੈ, ਜੋ ਕਿ ਨਾਲ ਲਗਦੇ ਪਿੰਡ 'ਚੋਂ ਨਸ਼ੀਲੇ ਪਦਾਰਥ ਲੈ ਕੇ ਖੇਤਰ ਦੇ ਪਿੰਡਾਂ 'ਚ ਸਪਲਾਈ ਕਰਦਾ ਹੈ | ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਅਸਰ-ਰਸੂਖ ਬਣਾ ਕੇ ਰੱਖਿਆ ਹੋਇਆ ਹੈ | ਉਨ੍ਹਾਂ ਵਲੋਂ ਕਈ ਵਾਰ ਪੁਲਿਸ ਨੂੰ ਉਸ ਵਿਅਕਤੀ ਬਾਰੇ ਸ਼ਿਕਾਇਤ ਵੀ ਦਿੱਤੀ ਗਈ ਪਰ ਉਸ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋਈ | ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਾ ਤੱਸਕਰਾਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾਵੇ, ਜਾਂ ਫਿਰ ਉਨ੍ਹਾਂ ਨੂੰ ਅਧਿਕਾਰ ਦਿੱਤਾ ਜਾਵੇ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕੱਤ ਕਰਨ ਲਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਸਕਣ | ਇਸ ਮੌਕੇ ਸੁਬੇਗ ਸਿੰਘ, ਪੰਚਾਇਤ ਮੈਂਬਰ ਸੁਖਚੈਨ ਸਿੰਘ, ਤਰਸੇਮ ਲਾਲ ਅਤੇ ਬਲਰਾਜ ਸਿੰਘ, ਜੁਗਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਘੋਨਾ, ਕਾਲਾ ਬੁੱਧਵਾਲ, ਮੁੰਨਾ, ਮਨਜੀਤ ਸਿੰਘ, ਨੇਕਾ ਅਤੇ ਹੋਰ ਹਾਜ਼ਰ ਸਨ 

ad