ਮੁਰਮੂ ਵੱਲੋਂ ਸਲੋਵਾਕੀਆ ਨਾਲ ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਭਾਰਤ ਦੇ ਰਾਸ਼ਟਰਪਤੀ ਵੱਲੋਂ ਸਲੋਵਾਕੀਆ ਦੇ ਹਮਰੁਤਬਾ ਪੀਟਰ ਪੈਲੇਗ੍ਰਿਨੀ ਨਾਲ ਮੁਲਾਕਾਤ; ਦੋ ਸਮਝੌਤਿਆਂ ’ਤੇ ਕੀਤੇ ਦਸਤਖ਼ਤ
ਬ੍ਰਤਿਸਲਾਵਾ,(ਇੰਡੋ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਆਪਣੇ ਸਲੋਵਾਕੀਆ ਦੇ ਹਮਰੁਤਬਾ ਪੀਟਰ ਪੈਲੇਗ੍ਰਿਨੀ ਨਾਲ ਮੀਟਿੰਗ ਕਰਕੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਉਨ੍ਹਾਂ ਸਲੋਵਾਕੀਆ ਵਿੱਚ ਭਾਰਤੀ ਕਲਾ ਅਤੇ ਸੱਭਿਆਚਾਰ ਦੀ ਲੋਕਪ੍ਰਿਯਤਾ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਦੋਵਾਂ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਮੀਡੀਆ, ਮਨੋਰੰਜਨ ਅਤੇ ਰਚਨਾਤਮਕ ਅਰਥਵਿਵਸਥਾ ਦੇ ਖੇਤਰਾਂ ਵਿੱਚ ਹੋਰ ਨੇੜਿਓਂ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਸਲੋਵਾਕੀਆ ਨੂੰ ਭਾਰਤ ਵੱਲੋਂ 1 ਤੋਂ 4 ਮਈ ਤੱਕ ਕਰਵਾਏ ਜਾਣ ਵਾਲੇ ਵੇਵ ਸਿਖਰ ਸੰਮੇਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।
ਦੋਵਾਂ ਆਗੂਆਂ ਨੇ ਦੋ ਸਮਝੌਤਿਆਂ ’ਤੇ ਹਸਤਾਖਰ ਕੀਤੇ। ਪਹਿਲਾ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐੱਨਐੱਸਆਈਸੀ) ਅਤੇ ਸਲੋਵਾਕ ਬਿਜ਼ਨਸ ਏਜੰਸੀ ਵਿਚਾਲੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਖੇਤਰ ਵਿੱਚ ਸਹਿਯੋਗ ਬਾਰੇ ਅਤੇ ਦੂਜਾ ਐੱਸਐੱਸਆਈਐੱਫਐੱਸ ਅਤੇ ਸਲੋਵਾਕੀਆ ਦੇ ਵਿਦੇਸ਼ ਅਤੇ ਯੂਰੋਪੀਅਨ ਮਾਮਲਿਆਂ ਦੇ ਮੰਤਰਾਲੇ ਵਿਚਾਲੇ ਸਹਿਯੋਗ ਬਾਰੇ ਹੈ।
ਇਸ ਤੋਂ ਪਹਿਲਾਂ ਸਲੋਵਾਕੀਆ ਪੁੱਜਣ ’ਤੇ ਪੈਲੇਗ੍ਰਿਨੀ ਨੇ ਮੁਰਮੂ ਦਾ ਸਵਾਗਤ ਕੀਤਾ। ਮੁਰਮੂ ਪੁਰਤਗਾਲ ਦੀ ਫੇਰੀ ਮਗਰੋਂ ਸਲੋਵਾਕੀਆ ਪਹੁੰਚੇ ਹਨ। ਉਹ ਇਸ ਦੇਸ਼ ਦਾ ਦੌਰਾ ਕਰਨ ਵਾਲੇ ਭਾਰਤ ਦੇ ਦੂਜੇ ਰਾਸ਼ਟਰਪਤੀ ਹਨ। ਸਲੋਵਾਕੀਆ ਦੀ ਆਪਣੀ ਦੋ ਰੋਜ਼ਾ ਯਾਤਰਾ ਦੌਰਾਨ ਰਾਸ਼ਟਰਪਤੀ ਮੁਰਮੂ ਵਫ਼ਦ ਪੱਧਰੀ ਗੱਲਬਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਅਤੇ ਰਾਸ਼ਟਰੀ ਪਰਿਸ਼ਦ ਦੇ ਸਪੀਕਰ ਰਿਚਰਡ ਰਾਸੀ ਨਾਲ ਮੁਲਾਕਾਤ ਕਰਨਗੇ। ਰਾਸ਼ਟਰਪਤੀ ਮੁਰਮੂ ਨਿਤਰਾ ਵਿੱਚ ਟਾਟਾ ਮੋਟਰਜ਼ ਦੇ ਜੈਗੁਆਰ ਲੈਂਡ ਰੋਵਰ (ਜੇਐੱਲਆਰ) ਪਲਾਂਟ ਦਾ ਵੀ ਦੌਰਾ ਕਰਨਗੇ, ਜੋ 1.4 ਅਰਬ ਯੂਰੋ ਦੇ ਨਿਵੇਸ਼ ਨਾਲ ਸਾਲ 2018 ਵਿੱਚ ਸ਼ੁਰੂ ਹੋਇਆ ਸੀ ਅਤੇ ਪ੍ਰਤੀ ਸਾਲ 1.5 ਲੱਖ ਵਾਹਨ ਬਣਾਉਣ ਦੀ ਸਮਰੱਥਾ ਰੱਖਦਾ ਹੈ।
ਯੂਐੱਨ ਸੁਰੱਖਿਆ ਪਰਿਸ਼ਦ ’ਚ ਸਥਾਈ ਮੈਂਬਰਸ਼ਿਪ ਲਈ ਭਾਰਤ ਦਾ ਸਮਰਥਨ
ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰਿਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੇ ਦਾਅਵਿਆਂ ਦਾ ਸਮਰਥਨ ਕਰਦਾ ਹੈ। ਇਸੇ ਤਰ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਇਸ ਗੱਲ ’ਤੇ ਸਹਿਮਤ ਹਨ ਕਿ ਯੂਕਰੇਨ ਯੁੱਧ ਦਾ ਮਸਲਾ ਹਥਿਆਰਾਂ ਰਾਹੀਂ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤਕ ਤਰੀਕਿਆਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।