ਇਜ਼ਰਾਈਲੀ ਬੱਸ ਧਮਾਕੇ; ਮੱਧ ਇਜ਼ਰਾਈਲ ਵਿਚ ਤਿੰਨ ਬੱਸਾਂ ’ਚ ਲੜੀਵਾਰ ਧਮਾਕੇ, ਜਾਨੀ ਨੁਕਸਾਨ ਤੋਂ ਬਚਾਅ

ਉਪਰੋਥੱਲੀ ਹੋਏ ਧਮਾਕਿਆਂ ਵਿਚ ਕੱਟੜਪੰਥੀਆਂ ਦਾ ਹੱਥ ਹੋਣ ਦਾ ਸ਼ੱਕ
ਬੈਥਲਹਾਮ (ਇਜ਼ਰਾਈਲ),(ਇੰਡੋ ਕਨੇਡੀਅਨ ਟਾਇਮਜ਼)- ਮੱਧ ਇਜ਼ਰਾਈਲ ਵਿਚ ਵੀਰਵਾਰ ਨੂੰ ਤਿੰਨ ਖੜ੍ਹੀਆਂ ਬੱਸਾਂ ਵਿਚ ਲੜੀਵਾਰ ਬੰਬ ਧਮਾਕੇ ਹੋਏ। ਏਜੰਸੀਆਂ ਨੂੰ ਇਨ੍ਹਾਂ ਧਮਾਕਿਆਂ ਪਿੱਛੇ ਕੱਟੜਪੰਥੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਉਂਝ ਉਪਰੋਥੱਲੀ ਹੋਏ ਇਨ੍ਹਾਂ ਧਮਾਕਿਆਂ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਧਮਾਕੇ ਅਜਿਹੇ ਮੌਕੇ ਹੋਏ ਹਨ ਜਦੋਂ ਜੰਗਬੰਦੀ ਸਮਝੌਤੇ ਤਹਿਤ ਹਮਾਸ ਵੱਲੋਂ ਗਾਜ਼ਾ ਤੋਂ ਚਾਰ ਬੰਧਕਾਂ ਦੀਆਂ ਲਾਸ਼ਾਂ ਮੋੜੇ ਜਾਣ ਮਗਰੋਂ ਇਜ਼ਰਾਈਲ ਸੋਗ ਵਿਚ ਹੈ। ਇਹ ਧਮਾਕੇ 2000 ਦੇ ਦਹਾਕੇ ਵਿਚ ਫਲਸਤੀਨੀ ਬਗਾਵਤ ਦੌਰਾਨ ਹੋਏ ਧਮਾਕਿਆਂ ਦੀ ਯਾਦ ਦਿਵਾਉਂਦੇ ਹਨ।
ਪੁਲੀਸ ਦੇ ਬੁਲਾਰੇ ਨੇ ਅਸੀ ਅਹਿਰੋਨੀ ਨੇ ‘ਚੈਨਲ 13’ ਟੀਵੀ ਨੂੰ ਦੱਸਿਆ ਕਿ ਦੋ ਹੋਰਨਾਂ ਬੱਸਾਂ ਵਿਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਜ਼ਰਾਇਲੀ ਪੁਲੀਸ ਨੇ ਦੱਸਿਆ ਪੰਜੇਂ ਬੰਬ ਇਕੋ ਜਿਹੇ ਸੀ ਤੇ ਇਨ੍ਹਾਂ ਵਿਚ ‘ਟਾਈਮਰ’ ਲੱਗੇ ਹੋਏ ਸਨ। ਪੁਲੀਸ ਮੁਤਾਬਕ ਬੰਬ ਨਕਾਰਾ ਦਸਤਾ ਬਰਾਮਦ ਕੀਤੇ ਬੰਬਾਂ ਨੂੰ ਨਕਾਰਾ ਕਰਨ ਵਿਚ ਲੱਗਾ ਹੈ।
ਸ਼ਹਿਰ ਦੇ ਮੇਅਰ ਤਿਜਵਿਕਾ ਬ੍ਰਾਟ ਨੇ ਕਿਹਾ ਕਿ ਇਹ ਚਮਤਕਾਰ ਹੈ ਕਿ ਇਨ੍ਹਾਂ ਧਮਾਕਿਆਂ ਵਿਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਬੱਸਾਂ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਖੜ੍ਹੀਆਂ ਸਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਦੱਸਿਆ ਕਿ ਉਹ ਆਪਣੇ ਫੌਜੀ ਸਕੱਤਰ ਤੋਂ ਸਾਰੀ ਜਾਣਕਾਰੀ ਹਾਸਲ ਕਰ ਰਹੇ ਹਨ ਤੇ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ‘ਸ਼ਿਨ ਬੇਟ’ਅੰਦਰੂਨੀ ਸੁਰੱਖਿਆ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲੀਸ ਦੇ ਬੁਲਾਰੇ ਹੈਮ ਸਰਗਰਾਫ ਨੇ ਇਜ਼ਰਾਇਲੀ ਟੀਵੀ ਨੂੰ ਦੱਸਿਆ, ‘‘ਸਾਨੂੰ ਇਹ ਪਤਾ ਲਗਾਉਣਾ ਹੈ ਕਿ ਕੀ ਇੱਕ ਸ਼ੱਕੀ ਵਿਅਕਤੀ ਨੇ ਬੱਸਾਂ ਵਿੱਚ ਧਮਾਕਾਖੇਜ਼ ਸਮੱਗਰੀ ਰੱਖੀ ਸੀ ਜਾਂ ਇਸ ਵਿਚ ਕਈ ਲੋਕ ਸ਼ਾਮਲ ਸਨ।’’ ਸਰਗਰਾਫ਼ ਨੇ ਦੱਸਿਆ ਕਿ ਵੀਰਵਾਰ ਨੂੰ ਇਸਤੇਮਾਲ ਕੀਤੇ ਗਏ ਵਿਸਫੋਟਕ ‘ਵੈਸਟ ਬੈਂਕ’ ਵਿਚ ਵਰਤੇ ਗਏ ਵਿਸਫੋਟਕਾਂ ਨਾਲ ਮਿਲਦੇ ਜੁਲਦੇ ਹਨ। ਹਾਲਾਂਕਿ ਉਨ੍ਹਾਂ ਤਫ਼ਸੀਲ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਹਮਲੇ ਤੋਂ ਬਾਅਦ, ਇਜ਼ਰਾਇਲੀ ਫੌਜ ਨੇ ਵੈਸਟ ਬੈਂਕ ਵਿੱਚ ਸ਼ੱਕੀ ਫਲਸਤੀਨੀ ਦਹਿਸ਼ਤਗਰਦਾਂ ’ਤੇ ਕਈ ਹਮਲੇ ਕੀਤੇ ਹਨ। ਖ਼ੁਦ ਨੂੰ ਹਮਾਸ ਦੀ ਕਾਸਿਮ ਬ੍ਰਿਗੇਡ ਦਾ ਇੱਕ ਸਮੂਹ ਦੱਸਦਿਆਂ ਟੈਲੀਗ੍ਰਾਮ ਐਪ ’ਤੇ ਲਿਖਿਆ, ‘‘ਜਿੰਨਾ ਚਿਰ ਸਾਡੀ ਜ਼ਮੀਨ ‘ਤੇ ਕਬਜ਼ਾ ਰਹੇਗਾ, ਅਸੀਂ ਆਪਣੇ ਸ਼ਹੀਦਾਂ ਦਾ ਬਦਲਾ ਲੈਣਾ ਨਹੀਂ ਭੁੱਲਾਂਗੇ।’’ ਹਾਲਾਂਕਿ, ਪੱਛਮੀ ਕੰਢੇ ਦੇ ਤੁਲਕਰਮ ਸ਼ਹਿਰ ਦੇ ਸਮੂਹ ਨੇ ਬੱਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।