ਥਾਈਲੈਂਡ ਦੀ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼

ਵਿਰੋਧੀ ਧਿਰ ਨੇ ਪੈਤੋਂਗਤਾਰਨ ’ਤੇ ਪਿਤਾ ਤੋਂ ਪ੍ਰਭਾਵਿਤ ਹੋ ਕੇ ਗਲਤ ਤਰੀਕੇ ਨਾਲ ਦੇਸ਼ ਚਲਾਉਣ ਦੇ ਦੋਸ਼ ਲਗਾਏ
ਬੈਂਕਾਕ,(ਇੰਡੋ ਕਨੇਡੀਅਨ ਟਾਇਮਜ਼)- ਥਾਈ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਵਾਤਰਾ ਨੂੰ ਅੱਜ ਸੰਸਦ ਵਿੱਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਉਹ ਆਪਣੇ ਪਿਤਾ, ਜੋ ਕਿ ਇਕ ਸਾਬਕਾ ਪ੍ਰਧਾਨ ਮੰਤਰੀ ਵੀ ਹਨ, ਤੋਂ ਅਣਉਚਿਤ ਢੰਗ ਨਾਲ ਪ੍ਰਭਾਵਿਤ ਹੈ ਅਤੇ ਦੇਸ਼ ਨੂੰ ਗਲਤ ਤਰੀਕੇ ਨਾਲ ਚਲਾ ਰਹੀ ਹੈ। ਪੈਤੋਂਗਤਾਰਨ ਜਿਨ੍ਹਾਂ ਨੇ ਪਿਛਲੇ ਸਾਲ ਅਹੁਦਾ ਸੰਭਾਲਿਆ ਸੀ, ਨੂੰ ਬੁੱਧਵਾਰ ਨੂੰ ਆਪਣੇ ਸੱਤਾਧਾਰੀ ਗੱਠਜੋੜ ਦੇ ਸਮਰਥਨ ਨਾਲ ਆਪਣੇ ਪਹਿਲੇ ਬੇਭਰੋਸਗੀ ਮਤੇ ਤੋਂ ਬਚਣ ਦੀ ਆਸ ਹੈ। ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਨੱਥਾਫੋਂਗ
ਰੂਏਂਗਪਨਿਆਵੁਤ ਨੇ ਕਿਹਾ ਕਿ ਪੈਤੋਂਗਤਾਰਨ ਦੇਸ਼ ਦੀਆਂ ਕਈ ਪੁਰਾਣੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ, ਜਿਨ੍ਹਾਂ ਵਿੱਚ ਧੀਮਾ ਅਰਥਚਾਰਾ, ਹਵਾ ਪ੍ਰਦੂਸ਼ਣ, ਅਪਰਾਧ ਅਤੇ ਭ੍ਰਿਸ਼ਟਾਚਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੈਤੋਂਗਤਾਰਨ ਦੀ ਸਰਕਾਰ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਵਾਤਰਾ ਦੇ ਹਿੱਤਾਂ ਦੀ ਸੇਵਾ ਕਰ ਰਹੀ ਹੈ। ਥਾਕਸਿਨ ਸ਼ਿਨਵਾਤਰਾ ਕਾਫੀ ਜ਼ਿਆਦਾ ਵਿਵਾਦਤ ਸਿਆਸੀ ਵਿਅਕਤੀ ਹਨ। ਪੈਤੋਂਗਤਾਰਨ ਫਿਊ ਥਾਈ ਪਾਰਟੀ ਦੀ ਮੁਖੀ ਹਨ ਜੋ ਕਿ ਥਾਕਸਿਨ ਨਾਲ ਜੁੜੀਆਂ ਲੋਕਪ੍ਰਿਯ ਪਾਰਟੀਆਂ ਦੀ ਲੜੀ ਵਿੱਚ ਨਵੀਂ ਹੈ। ਉਨ੍ਹਾਂ ਨੂੰ 2006 ਦੇ ਫੌਜ ਵੱਲੋਂ ਕੀਤੇ ਤਖ਼ਤਾਪਲਟ ਵਿੱਚ ਹਟਾ ਦਿੱਤਾ ਗਿਆ ਸੀ। ਉਹ ਜਲਾਵਤਨ ਹੋ ਗਏ ਸਨ ਅਤੇ ਹਾਲ ਹੀ ਵਿੱਚ ਥਾਈਲੈਂਡ ਪਰਤੇ ਹਨ। ਥਾਕਸਨ ਲਗਪਗ ਦੋ ਦਹਾਕਿਆਂ ਤੋਂ ਡੂੰਘੀ ਸਿਆਸੀ ਵੰਡ ਦੇ ਕੇਂਦਰ ਵਿੱਚ ਰਹੇ ਹਨ।