ਬਿਜਲੀ ਦਰਾਂ 'ਚ ਵਾਧਾ ਸਨਅਤੀ ਖੇਤਰ ਨਾਲ ਧੋਖਾ-ਸੁਖਬੀਰ

ਚੰਡੀਗੜ੍ਹ, ਬਿਊਰੋ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਅਤਾਂ ਲਈ ਬਿਜਲੀ ਦਰਾਂ ਵਧਾ ਕੇ ਇਸ ਖੇਤਰ ਨਾਲ ਧੋਖਾ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸਨਅਤਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ 'ਤੇ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਸਨਅਤਾਂ ਲਈ ਬਿਜਲੀ ਦਰ 'ਚ 60 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਹੋਰਨਾਂ ਰਾਜਾਂ ਦੀਆਂ ਸਨਅਤਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ | ਉਨ੍ਹਾਂ ਕਿਹਾ ਕਿ ਤਾਜ਼ਾ ਵਾਧੇ ਨਾਲ ਪੰਜਾਬ ਤੋਂ ਉਦਯੋਗਾਂ ਦੇ ਹੋਰ ਰਾਜਾਂ 'ਚ ਤਬਦੀਲ ਹੋਣ ਦੀ ਰਫ਼ਤਾਰ 'ਚ ਵਾਧਾ ਹੋਵੇਗਾ ਤੇ ਸੂਬੇ ਦੇ ਅਰਥਚਾਰੇ 'ਤੇ ਮਾੜਾ ਪ੍ਰਭਾਵ ਪਵੇਗਾ ਤੇ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਵਧੇਗੀ |