ਵਿਧਾਨ ਸਭਾ 'ਚ ਤਿੱਖੀ ਬਹਿਸ ਤੋਂ ਬਾਅਦ ਬਜਟ ਪਾਸ

ਵਿਧਾਨ ਸਭਾ 'ਚ ਤਿੱਖੀ ਬਹਿਸ ਤੋਂ ਬਾਅਦ ਬਜਟ ਪਾਸ

ਚੰਡੀਗੜ੍ਹ, - ਪੰਜਾਬ ਵਿਧਾਨ ਸਭਾ 'ਚ ਅੱਜ ਸਾਰਾ ਦਿਨ ਬਜਟ ਤਜਵੀਜ਼ਾਂ 'ਤੇ ਹੋਈ ਤਿੱਖੀ ਬਹਿਸ ਤੋਂ ਬਾਅਦ ਸ਼ਾਮ ਨੂੰ ਵਿਧਾਨ ਸਭਾ ਵਲੋਂ ਆਉਂਦੇ ਵਿੱਤੀ ਸਾਲ ਲਈ ਬਜਟ ਤਜਵੀਜ਼ਾਂ ਸੰਬੰਧੀ ਖ਼ਜ਼ਾਨਾ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਬਜਟ ਤਜਵੀਜ਼ਾਂ 'ਤੇ 30 ਤੋਂ ਵੱਧ ਵਿਧਾਇਕਾਂ ਵਲੋਂ ਆਪਣੇ ਵਿਚਾਰ ਰੱਖੇ ਗਏ | ਕਾਂਗਰਸ ਵਲੋਂ ਬਜਟ ਤਜਵੀਜ਼ਾਂ 'ਤੇ ਵਿਚਾਰ ਰੱਖਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਲਾਨਾ ਯੋਜਨਾਵਾਂ ਤੇ ਵਿਕਾਸ ਕਾਰਜਾਂ ਲਈ ਬਜਟ ਦਾ ਕੇਵਲ 5 ਫ਼ੀਸਦੀ ਹਿੱਸਾ ਰੱਖਣ ਤੋਂ ਸਪੱਸ਼ਟ ਹੈ ਕਿ ਸੂਬੇ 'ਚ ਵਿਕਾਸ ਕਾਰਜ ਠੱਪ ਹੋ ਗਏ ਹਨ | ਉਨ੍ਹਾਂ ਕਿਹਾ ਕਿ ਜਿਵੇਂ ਚਾਲੂ ਸਾਲ ਵਿਚ 31,000 ਕਰੋੜ ਕਰਜ਼ਾ ਲਿਆ ਗਿਆ ਹੈ ਅਤੇ ਅਗਲੇ ਸਾਲ 35,000 ਕਰੋੜ ਦਾ ਹੋਰ ਕਰਜ਼ਾ ਲੈਣ ਦੀ ਤਜਵੀਜ਼ ਹੈ, ਉਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਆਪਣੇ ਕਾਰਜਕਾਲ 'ਚ ਕਰਜ਼ੇ ਦੀ ਪੰਡ 5 ਲੱਖ ਕਰੋੜ ਤੋਂ ਵੀ ਵਧਾ ਦੇਵੇਗੀ | ਉਨ੍ਹਾਂ ਕਿਹਾ ਕਿ ਜੇ ਬਿਜਲੀ ਸਬਸਿਡੀ ਦੀ ਰਾਸ਼ੀ ਕੱਢ ਦਿੱਤੀ ਜਾਵੇ ਤਾਂ ਹੋਰ ਖੇਤੀ ਲਈ ਬਜਟ ਵਿਚ ਕੇਵਲ 2 ਫ਼ੀਸਦੀ ਰਾਸ਼ੀ ਰੱਖੀ ਗਈ ਹੈ ਅਤੇ ਕੀ ਇਸ ਰਾਸ਼ੀ ਨਾਲ ਮੂੰਗੀ, ਫਲ-ਸਬਜ਼ੀਆਂ ਦੀ ਖ਼ਰੀਦ ਹੋ ਸਕੇਗੀ ਅਤੇ ਇਸ ਨਾਲ ਕਿੰਨੀ ਕੁ ਖੋਜ ਜਾਂ ਖੇਤੀ ਵਿਭਿੰਨਤਾ ਸੰਭਵ ਹੋਵੇਗੀ | ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ 'ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵੱਡੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਰਾਹੀਂ ਖਾੜੀ ਦੇ ਦੇਸ਼ਾਂ ਆਦਿ ਲਈ ਰਸਤਾ ਨਹੀਂ ਖੁਲ੍ਹਦਾ ਪੰਜਾਬ ਨੂੰ ਆਰਥਿਕ ਖੜੋਤ 'ਚੋਂ ਕੱਢਣਾ ਸੰਭਵ ਨਹੀਂ, ਪ੍ਰੰਤੂ ਮੁੱਖ ਮੰਤਰੀ ਇਸ ਦਾ ਕਿਉਂ ਵਿਰੋਧ ਕਰ ਰਹੇ ਹਨ, ਹੈਰਾਨੀ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਮੌੜ ਬੰਬ ਧਮਾਕਾ, ਜਿਸ ਵਿਚ ਆਰ.ਡੀ.ਐਕਸ. ਦੀ ਵਰਤੋਂ ਹੋਈ ਪਰ ਡੇਰਾ ਸਰਸਾ ਦੇ ਦੋਸ਼ੀ ਬਣਨ ਕਾਰਨ ਨਾ ਤਾਂ ਇਸ ਕੇਸ ਵਿਚ ਐਨ.ਆਈ.ਏ. ਆਈ ਨਾ ਹੀ ਕਿਸੇ ਜਾਂਚ ਅੱਗੇ ਤੋਰੀ ਹੈ ਅਤੇ ਦੋਸ਼ੀ ਗਿ੍ਫ਼ਤਾਰ ਕੀਤੇ ਹਨ | ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਦਿਹਾਤੀ ਵਿਕਾਸ ਕਾਰਜਾਂ ਲਈ ਪੈਸਾ ਜਾਰੀ ਨਾ ਹੋਣ ਦਾ ਮੁੱਦਾ ਉਠਾਇਆ, ਜਦੋਂਕਿ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ, ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਦੇਣ ਤੇ ਪੂਰੀ ਪੈਨਸ਼ਨ ਸਕੀਮ ਮੁਲਾਜ਼ਮਾਂ ਲਈ ਲਾਗੂ ਕਰਨ ਦੇ ਸਰਕਾਰ ਦੇ ਵਾਅਦੇ ਯਾਦ ਕਰਵਾਏ ਅਤੇ ਕਿਹਾ ਕਿ ਸਮਾਰਟ ਸਕੀਮ ਤਹਿਤ ਜਲੰਧਰ-ਲੁਧਿਆਣਾ ਲਈ ਕੇਂਦਰ ਤੋਂ ਆਏ ਵੱਡੇ ਫ਼ੰਡਾਂ ਦੀ ਵਰਤੋਂ 'ਚ ਵੱਡੇ ਘੁਟਾਲੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਕੇਂਦਰ ਤੋਂ ਫੰਡ ਮੰਗਦੀ ਹੈ ਅਤੇ ਨਾਲ ਹੀ ਕੇਂਦਰ ਨੂੰ ਸਾਰਾ ਦਿਨ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਹਨ | ਉਨ੍ਹਾਂ ਸਮਾਰਟ ਸ਼ਹਿਰਾਂ ਦੀ ਮੌਜੂਦਾ ਮਾੜੀ ਹਾਲਤ 'ਤੇ ਵੀ ਚਿੰਤਾ ਜਤਾਈ | ਬਸਪਾ ਦੇ ਡਾ. ਨਛੱਤਰਪਾਲ ਵਲੋਂ ਪੋਸਟ ਮੈਟਿ੍ਕ ਵਜ਼ੀਫ਼ਿਆਂ ਲਈ ਰਾਸ਼ੀ ਵਧਾਉਣ ਅਤੇ ਮੁਲਾਜ਼ਮਾਂ ਦਾ ਵਿਕਾਸ ਫੰਡ ਕੱਟਣਾ ਬੰਦ ਕਰਨ ਦੀ ਮੰਗ ਵੀ ਉਠਾਈ | ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਅਨੁਸੂਚਿਤ ਜਾਤਾਂ ਦੇ ਪਲਾਨ ਲਈ ਬਹੁਤ ਘੱਟ ਪੈਸਾ ਰੱਖੇ ਜਾਣ, ਅਕਾਲੀ ਸਰਕਾਰ ਦੌਰਾਨ ਸਾਢੇ ਤਿੰਨ ਲੱਖ ਐਸ. ਸੀ. ਵਿਦਿਆਰਥੀਆਂ ਨੂੰ ਮਿਲਦੇ ਪੋਸਟ ਮੈਟਿ੍ਕ ਵਜ਼ੀਫ਼ਾ ਘਟਾ ਕੇ 1 ਲੱਖ ਵਿਦਿਆਰਥੀਆਂ ਤੱਕ ਲਿਆਉਣ ਅਤੇ ਸਕੂਲ ਆਫ਼ ਐਮੀਨੈਂਸ ਲਈ ਮੌਜੂਦਾ ਸਕੂਲੀ ਢਾਂਚਾ ਠੱਪ ਕਰਨ ਦੇ ਮੁੱਦੇ ਉਠਾਏ | ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਰੱਖਣ ਅਤੇ ਇਸ ਸੰਬੰਧੀ ਮਗਰਲੀ ਕਾਂਗਰਸ ਸਰਕਾਰ ਦੌਰਾਨ ਵਿਧਾਨ ਸਭਾ ਦਾ ਮਤਾ ਪਾਸ ਹੋਣ ਦਾ ਮੁੱਦਾ ਉਠਾਉਂਦਿਆਂ ਇਸ ਸੰਬੰਧੀ ਭਾਰਤ ਸਰਕਾਰ ਕੋਲ ਪਹੁੰਚ ਕੀਤੇ ਜਾਣ ਦੀ ਮੰਗ ਕੀਤੀ | ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੇ ਬਜਟ ਤਜਵੀਜ਼ਾਂ 'ਤੇ ਬੋਲਦਿਆਂ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵੱਲ ਵਹੀਰਾਂ ਘੱਤਣ 'ਤੇ ਵੱਡੀ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਹਰ ਸਾਲ ਸੂਬੇ ਦੇ 2 ਲੱਖ ਨੌਜਵਾਨ ਤੇ 30 ਹਜ਼ਾਰ ਕਰੋੜ ਰੁਪਿਆ ਸੂਬੇ ਤੋਂ ਬਾਹਰ ਜਾ ਰਿਹਾ ਹੈ | ਉਨ੍ਹਾਂ ਸੂਬੇ 'ਚ ਕਿੱਤਾ ਮੁਖੀ ਸਿਖਲਾਈ ਤੇ ਪੜ੍ਹਾਈ ਵਧਾਉਣ ਦੀ ਮੰਗ ਕੀਤੀ | ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਡਿੱਗਣ ਸੰਬੰਧੀ ਠੋਸ ਕਦਮ ਚੁੱਕਣ ਦਾ ਮੁੱਣਾ ਵੀ ਉਠਾਇਆ | ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਡੇਰਾ ਸਿਰਸਾ ਮੁਖੀ ਵਲੋਂ ਗੁਰੂ ਰਵਿਦਾਸ ਲਈ ਵਰਤੀ ਅਪਮਾਨਜਨਕ ਸ਼ਬਦਾਵਲੀ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਬਜਟ ਤਜਵੀਜ਼ਾਂ 'ਤੇ ਹੋਈ ਬਹਿਸ ਦਾ ਜਵਾਬ ਦੇਰ ਸ਼ਾਮ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਵਲੋਂ ਦਿੱਤਾ ਗਿਆ | ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਰੇਲਵੇ, ਹਵਾਈ ਅੱਡੇ, ਬੈਂਕਾਂ ਸਮੇਤ ਸਭ ਸਰਕਾਰੀ ਅਦਾਰੇ ਵੇਚੇ ਪਰ ਕੇਵਲ ਮੀਡੀਆ ਹੀ ਖ਼ਰੀਦਿਆ ਹੈ |
ਬਾਜਵਾ ਨੇ ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਚੁੱਕਿਆ
ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਿਫ਼ਰ ਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਅਰਵਿੰਦ ਦੇ ਬਿਆਨ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪਸਾਰ ਲਈ ਬਣਾਈ ਗਈ ਸੀ, ਜਿਸ ਨਾਲ ਸੂਬੇ ਦੇ 290 ਕਾਲਜ ਅਤੇ 2 ਲੱਖ 15 ਹਜ਼ਾਰ ਵਿਦਿਆਰਥੀ ਜੁੜੇ ਹੋਏ ਹਨ | ਆਰਥਿਕ ਔਕੜਾਂ ਕਾਰਨ ਸਰਕਾਰ ਨੇ ਪਿਛਲੇ ਸਾਲ ਯੂਨੀਵਰਸਿਟੀ ਨੂੰ 200 ਕਰੋੜ ਰੁਪਏ ਦੀ ਗਰਾਂਟ ਦਿੱਤੀ ਸੀ | ਪ੍ਰੰਤੂ ਪਿਛਲੇ ਸਾਲ 7ਵੇਂ ਤਨਖ਼ਾਹ ਕਮਿਸ਼ਨ ਦੇ ਲਾਗੂ ਕਰਨ ਨਾਲ 120 ਕਰੋੜ ਦਾ ਵਿੱਤੀ ਬੋਝ ਹੋਰ ਵਧ ਗਿਆ ਸੀ ਪਰ ਯੂਨੀਵਰਸਿਟੀ ਨੂੰ ਇਸ ਸਾਲ ਕੇਵਲ 164 ਕਰੋੜ ਦੀ ਗਰਾਂਟ ਦੇਣ ਤੋਂ ਸਪੱਸ਼ਟ ਹੈ ਕਿ ਯੂਨੀਵਰਸਿਟੀ ਇਸ ਹਾਲਾਤ 'ਚ ਨਹੀਂ ਚੱਲ ਪਾਏਗੀ | ਉਨ੍ਹਾਂ ਵਿੱਤ ਮੰਤਰੀ ਨੂੰ ਕਿਹਾ ਕਿ ਤੁਸੀਂ ਬਜਟ 'ਚ ਇਸ਼ਤਿਹਾਰਬਾਜ਼ੀ ਲਈ ਜੋ 750 ਕਰੋੜ ਰੁਪਏ ਰੱਖੇ ਹੋਏ ਹਨ, ਉਸ ਨੂੰ ਯੂਨੀਵਰਸਿਟੀਆਂ ਵੱਲ ਤਬਦੀਲ ਕਰ ਦਿੱਤਾ ਜਾਵੇ, ਕਿਉਂਕਿ ਇਸ਼ਤਿਹਾਰਬਾਜ਼ੀ ਦਾ ਫ਼ਾਇਦਾ ਤਾਂ ਹੀ ਹੋਵੇਗਾ, ਜੇ ਸੂਬੇ ਦੇ ਵੱਕਾਰੀ ਅਦਾਰੇ ਖਲੋਤੇ ਰਹਿ ਸਕਣ | ਬਾਜਵਾ ਨੇ ਇੰਸਟਾਗਰਾਮ ਰਾਹੀਂ ਸੁਖਪਾਲ ਸਿੰਘ ਖਹਿਰਾ ਨੂੰ ਮਾਰਨ ਦੀ ਮਿਲੀ ਧਮਕੀ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਸੂਬਾ ਕਿਸ ਪਾਸੇ ਜਾ ਰਿਹਾ ਹੈ | ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਸਿਫ਼ਰ ਕਾਲ ਦੌਰਾਨ ਬੰਦੀ ਸਿੱਖ ਭਾਈ ਗੁਰਮੀਤ ਸਿੰਘ ਦਾ ਮੁੱਦਾ ਉਠਾਇਆ, ਜੋ 25 ਸਾਲਾਂ ਤੋਂ ਜੇਲ੍ਹ 'ਚ ਹੈ ਅਤੇ ਕਰਨਾਟਕ ਜਿਥੇ ਉਹ ਨਜ਼ਰਬੰਦ ਹੈ, ਵਲੋਂ ਰਿਹਾਈ ਸੰਬੰਧੀ ਪਟਿਆਲਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਸੀ ਪਰ ਡੀ.ਸੀ. ਪਟਿਆਲਾ ਵਲੋਂ ਅਮਨ ਕਾਨੂੰਨ ਭੰਗ ਹੋਣ ਦਾ ਬਹਾਨਾ ਲਗਾ ਕੇ ਉਸ ਨੂੰ ਰੱਦ ਕਰ ਦਿੱਤਾ ਹੈ | ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਸਰਕਾਰ ਪਹਿਲਾਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਵੀ ਰੱਦ ਕਰ ਚੁੱਕੀ ਹੈ | ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਸਦਨ ਤੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜਣ ਦੀ ਮੰਗ ਉਠਾਈ 

ad