"ਰੂਸ ਇੱਕ ਪ੍ਰਭੂਸੱਤਾ ਸੰਪੰਨ ਰਾਜ ਨੂੰ ਨਕਸ਼ੇ ਤੋਂ ਨਹੀਂ ਮਿਟਾ ਸਕਦਾ", ਬਾਈਡੇਨ ਨੇ UNGA ਵੋਟ ਦੀ ਕੀਤੀ ਸ਼ਲਾਘਾ

"ਰੂਸ ਇੱਕ ਪ੍ਰਭੂਸੱਤਾ ਸੰਪੰਨ ਰਾਜ ਨੂੰ ਨਕਸ਼ੇ ਤੋਂ ਨਹੀਂ ਮਿਟਾ ਸਕਦਾ", ਬਾਈਡੇਨ ਨੇ UNGA ਵੋਟ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਵੱਲੋਂ ਰੂਸ ਦੀ ਨਿੰਦਾ ਕਰਨ ਵਾਲਾ ਪ੍ਰਸਤਾਵ ਪਾਸ ਕਰਨ ਦੀ ਸ਼ਲਾਘਾ ਕੀਤੀ ਹੈ। ਮਤੇ ਵਿੱਚ ਯੂਕ੍ਰੇਨ ਦੇ ਚਾਰ ਖੇਤਰਾਂ ਦੇ ਰੂਸ ਵਿੱਚ ਰਲੇਵੇਂ ਦੀ ਨਿੰਦਾ ਕੀਤੀ ਗਈ। ਬਾਈਡੇਨ ਨੇ ਕਿਹਾ ਕਿ ਰੂਸ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੋਂ ਨਹੀਂ ਮਿਟਾ ਸਕਦਾ।'ਰੂਸ-ਯੂਕ੍ਰੇਨ ਵਿਚਾਲੇ ਜਾਰੀ ਯੁੱਧ ਦੇ ਵਿਚਕਾਰ ਰੂਸ ਨੇ ਹਾਲ ਹੀ ਵਿੱਚ ਰਾਏਸ਼ੁਮਾਰੀ ਰਾਹੀਂ ਚਾਰ ਖੇਤਰਾਂ ਨੂੰ ਆਪਣੇ ਦੇਸ਼ ਵਿੱਚ ਮਿਲਾ ਲਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਨੇ ਇਸ ਲਈ ਰੂਸ ਦੀ ਨਿੰਦਾ ਕੀਤੀ ਹੈ। 
ਭਾਰਤ ਸਮੇਤ 35 ਦੇਸ਼ਾਂ ਨੇ ਮਤੇ ਦਾ ਸਮਰਥਨ ਕਰਨ ਤੋਂ ਗੁਰੇਜ਼ ਕੀਤਾ ਪਰ 143 ਮੈਂਬਰ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ। ਪੰਜ ਦੇਸ਼ਾਂ ਨੇ ਪ੍ਰਸਤਾਵ ਖ਼ਿਲਾਫ਼ ਵੋਟ ਕੀਤਾ। ਇਹ ਮਤਾ ਰੂਸ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਵੀਟੋ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਸ ਨੂੰ ਭਾਰਤ ਨੇ ਟਾਲ ਦਿੱਤਾ ਸੀ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਰੂਸ ਖਿਲਾਫ ਮਤਾ ਪਾਸ ਕੀਤਾ, ਜਦੋਂ ਕਿ ਇਸ ਤੋਂ ਪਹਿਲਾਂ ਸੁਰੱਖਿਆ ਪ੍ਰੀਸ਼ਦ 'ਚ ਲਿਆਂਦੇ ਗਏ ਅਜਿਹੇ ਹੀ ਮਤੇ ਰੂਸ ਦੇ ਵੀਟੋ ਕਾਰਨ ਪਾਸ ਨਹੀਂ ਹੋ ਸਕੇ ਸਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਨੀਂਹ ਡੇਗ ਰਿਹਾ ਹੈ।ਬਾਈਡੇਨ ਦਾ ਇਹ ਬਿਆਨ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਵਲੋਂ ਰੂਸ ਖ਼ਿਲਾਫ਼ ਪ੍ਰਸਤਾਵ ਪਾਸ ਕੀਤੇ ਜਾਣ ਤੋਂ ਤੁਰੰਤ ਬਾਅਦ ਆਇਆ ਹੈ। ਵ੍ਹਾਈਟ ਹਾਊਸ ਵਲੋਂ ਜਾਰੀ ਇਕ ਬਿਆਨ ਵਿਚ ਬਾਈਡੇਨ ਨੇ ਕਿਹਾ ਕਿ ਅੱਜ ਦੁਨੀਆ ਦੇ ਹਰ ਖੇਤਰ ਦੇ ਰਾਸ਼ਟਰਾਂ, ਵੱਡੇ ਅਤੇ ਛੋਟੇ, ਵੱਖ-ਵੱਖ ਵਿਚਾਰਧਾਰਾਵਾਂ ਅਤੇ ਸਰਕਾਰਾਂ ਵਾਲੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਬਚਾਅ ਕਰਨ ਲਈ ਵੋਟ ਕੀਤਾ ਅਤੇ ਤਾਕਤ ਨਾਲ ਯੂਕ੍ਰੇਨ ਦੇ ਖੇਤਰ ਨੂੰ ਹਥਿਆਉਣ ਦੀ ਰੂਸ ਵੱਲੋਂ ਅਜਿਹੀ ਕਰਨ ਦੀ ਗੈਰ-ਕਾਨੂੰਨੀ ਕੋਸ਼ਿਸ਼ ਦੀ ਨਿੰਦਾ ਕੀਤੀ ਗਈ। 143 ਦੇਸ਼ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪੱਖ ਵਿਚ ਖੜ੍ਹੇ ਸਨ। 
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਲਿਆਂਦੇ ਗਏ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਸੰਗਠਨ ਤਥਾਕਥਿਤ ਰਾਏਸ਼ੁਮਾਰੀ ਤੋਂ ਬਾਅਦ ਚਾਰ ਯੂਕ੍ਰੇਨੀ ਖੇਤਰਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਸ਼ਾਮਲ ਕਰਨ ਦੀ ਰੂਸ ਦੀ ਕੋਸ਼ਿਸ਼ ਦੀ ਨਿੰਦਾ ਕਰਦਾ ਹੈ। ਕਿਸੇ ਵੀ ਮੈਂਬਰ ਨੇ ਇਸ ਪ੍ਰਸਤਾਵ ਵਿਰੁੱਧ ਵੀਟੋ ਦੀ ਵਰਤੋਂ ਨਹੀਂ ਕੀਤੀ। ਯੂਐਨਜੀਏ ਵਿੱਚ ਯੂਕ੍ਰੇਨ ਅਤੇ ਰੂਸ ਦੇ ਝੜਪ ਦੇ ਦੋ ਦਿਨ ਬਾਅਦ ਸੋਮਵਾਰ ਨੂੰ ਵੋਟਿੰਗ ਪਾਸ ਕੀਤੀ ਗਈ।
ਭਾਰਤ ਨੇ ਰੂਸ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਸਤਾਵ ਤੋਂ ਦੂਰ ਰਹਿਣ ਤੋਂ ਬਾਅਦ ਯੂਕ੍ਰੇਨ ਵਿੱਚ ਵਧਦੇ ਸੰਘਰਸ਼ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਯੂਐਨਜੀਏ ਨੂੰ ਦੱਸਿਆ ਕਿ ਭਾਰਤ ਯੂਕ੍ਰੇਨ ਵਿੱਚ ਵਧਦੇ ਸੰਘਰਸ਼ ਨੂੰ ਲੈ ਕੇ ਚਿੰਤਤ ਹੈ, ਜਿਸ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਤੇ ਨਾਗਰਿਕਾਂ ਦੀ ਮੌਤ ਸ਼ਾਮਲ ਹੈ। ਅਸੀਂ ਲਗਾਤਾਰ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜੀਵਨ ਦੀ ਕੀਮਤ 'ਤੇ ਕਦੇ ਵੀ ਕੋਈ ਹੱਲ ਨਹੀਂ ਹੋ ਸਕਦਾ। ਕੰਬੋਜ ਨੇ ਕਿਹਾ ਕਿ ਭਾਰਤ ਜਿਸ ਵਿਸ਼ਵਵਿਆਪੀ ਵਿਵਸਥਾ ਦਾ ਮੈਂਬਰ ਹੈ, ਉਹ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਸਾਰੇ ਰਾਜਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ 'ਤੇ ਆਧਾਰਿਤ ਹੈ। ਇਨ੍ਹਾਂ ਸਿਧਾਂਤਾਂ ਨੂੰ ਬਿਨਾਂ ਕਿਸੇ ਅਪਵਾਦ ਦੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਰੁਚਿਰਾ ਕੰਬੋਜ ਨੇ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਦਾ ਇੱਕੋ ਇੱਕ ਰਸਤਾ ਗੱਲਬਾਤ ਹੈ, ਭਾਵੇਂ ਇਹ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ। ਸ਼ਾਂਤੀ ਦੇ ਰਸਤੇ ਲਈ ਸਾਨੂੰ ਕੂਟਨੀਤੀ ਦੇ ਸਾਰੇ ਰਸਤੇ ਖੁੱਲ੍ਹੇ ਰੱਖਣ ਦੀ ਲੋੜ ਹੈ... ਭਾਰਤ ਤਣਾਅ ਨੂੰ ਘਟਾਉਣ ਦੇ ਉਦੇਸ਼ ਨਾਲ ਅਜਿਹੇ ਸਾਰੇ ਯਤਨਾਂ ਦਾ ਸਮਰਥਨ ਕਰਨ ਲਈ ਤਿਆਰ ਹੈ। ਉੱਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਚਾਰ ਖੇਤਰਾਂ - ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਾਪੋਰੀਗੀਆ ਵਿੱਚ ਜਨਮਤ ਸੰਗ੍ਰਹਿ ਤੋਂ ਬਾਅਦ ਸਤੰਬਰ ਦੇ ਆਖਰੀ ਹਫ਼ਤੇ ਵਿੱਚ ਆਪਣੇ ਦੇਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੁਤਿਨ ਨੇ ਇਸ ਨਾਲ ਜੁੜੇ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਤੋਂ ਬਾਅਦ ਰਸਮੀ ਤੌਰ 'ਤੇ ਇਸ ਦਾ ਐਲਾਨ ਕੀਤਾ। ਹਾਲਾਂਕਿ ਅਮਰੀਕਾ ਸਮੇਤ ਸਾਰੇ ਪੱਛਮੀ ਦੇਸ਼ ਰੂਸ ਦੇ ਇਸ ਕਦਮ ਨੂੰ ਗੈਰ-ਕਾਨੂੰਨੀ ਦੱਸ ਰਹੇ ਹਨ। ਰਲੇਵੇਂ ਅਤੇ ਕ੍ਰੀਮੀਆ ਪੁਲ 'ਤੇ ਬੰਬ ਧਮਾਕਿਆਂ ਤੋਂ ਬਾਅਦ ਇਸ ਹਫਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਵਧ ਗਿਆ ਹੈ।

ad