ਬਾਇਓਮੈਟ੍ਰਿਕ ਡਾਟੇ ਦੀ ਦੁਰਵਰਤੋਂ ਹੋਵੇਗੀ ਖ਼ਤਮ, ਸੁਰੱਖਿਆ ਘੇਰਾ ਤੋੜਨਾ ਤੇ ਉਂਗਲੀਆਂ ਦੇ ਨਿਸ਼ਾਨ ਕਾਪੀ ਕਰਨਾ ਹੈਕਰਜ਼ ਲਈ ਨਹੀਂ ਹੋਵੇਗਾ ਸੰਭਵ

ਬਾਇਓਮੈਟ੍ਰਿਕ ਡਾਟੇ ਦੀ ਦੁਰਵਰਤੋਂ ਹੋਵੇਗੀ ਖ਼ਤਮ, ਸੁਰੱਖਿਆ ਘੇਰਾ ਤੋੜਨਾ ਤੇ ਉਂਗਲੀਆਂ ਦੇ ਨਿਸ਼ਾਨ ਕਾਪੀ ਕਰਨਾ ਹੈਕਰਜ਼ ਲਈ ਨਹੀਂ ਹੋਵੇਗਾ ਸੰਭਵ

ਰਾਏਪੁਰ: ਹੁਣ ਤੁਹਾਡਾ ਬਾਇਓਮੈਟ੍ਰਿਕ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) ਰਾਏਪੁਰ ਦੇ ਖੋਜੀ ਡਾ. ਇਸ਼ਾਨ ਭਾਰਦਵਾਜ ਨੇ ਇਸ ਦੇ ਲਈ ਐਲਗੋਰਿਦਮ (ਦਿ ਬ੍ਰੋਕਨ ਪੈਡ ਲਾਕ) ਤਿਆਰ ਕੀਤਾ ਹੈ। ਇਸ ਸਿਸਟਮ ਨਾਲ ਬਾਇਓਮੈਟ੍ਰਿਕ ਡਾਟਾ (ਹੱਥ, ਉਂਗਲੀਆਂ ਤੇ ਸਰੀਰ ਦੇ ਬਾਕੀ ਹਿੱਸਿਆਂ ਦੇ ਨਿਸ਼ਾਨ) ’ਚ ਅਜਿਹਾ ਲਾਕ ਸਰਕਲ ਤਿਆਰ ਹੋ ਜਾਂਦਾ ਹੈ ਜਿਸ ਨਾਲ ਡਾਟਾ ਚੋਰੀ ਹੋਣ ਤੋਂ ਬਾਅਦ ਉਸ ਦੀ ਮੁੜ ਵਰਤੋਂ ਨਹੀਂ ਕੀਤੀ ਜਾ ਸਕੇਗੀ। ਯਾਨੀ ਬਾਇਓਮੈਟ੍ਰਿਕ ’ਚ ਇਕ ਵਾਰ ਲਗਾਏ ਗਏ ਉਂਗਲੀਆਂ ਦੇ ਨਿਸ਼ਾਨ ਮੁੜ ਕੰਮ ਨਹੀਂ ਆਉਣਗੇ। ਐੱਨਆਈਟੀ ਦੇ ਇਸ ਸਿਸਟਮ ਨੂੰ ਪੇਟੈਂਟ ਵੀ ਮਿਲ ਗਿਆ ਹੈ। ਡਾ. ਇਸ਼ਾਨ ਇਸ ਵੇਲੇ ਰਾਜਕੀ ਇੰਜੀਨੀਅਰਿੰਗ ਕਾਲਜ ਬਿਜਨੌਰ, ਉੱਤਰ ਪ੍ਰਦੇਸ਼ ’ਚ ਸਹਾਇਕ ਲੈਕਚਰਾਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ।
ਬਰੇਲੀ, ਉੱਤਰ ਪ੍ਰਦੇਸ਼ ਵਾਸੀ ਡਾ. ਇਸ਼ਾਨ ਭਾਰਦਵਾਜ ਨੇ ਦੱਸਿਆ ਕਿ ਇਸ ਸਿਸਟਮ ’ਚ ਪ੍ਰੋਗਰਾਮਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਉਂਗਲੀਆਂ ਤੇ ਹੱਥ ਦੇ ਨਿਸ਼ਾਨਾਂ ਦੇ ਆਖ਼ਰੀ ਹਿੱਸਿਆਂ ’ਚ ਸੁਰੱਖਿਆ ਘੇਰਾ ਤਿਆਰ ਹੋ ਜਾਂਦਾ ਹੈ। ਇਹ ਘੇਰਾ ਕਈ ਪੜਾਵਾਂ ’ਚ ਬਣਦਾ ਹੈ, ਇਸ ਲਈ ਸਰਕਲ ਨੂੰ ਤੋੜਨਾ ਤੇ ਉਂਗਲੀਆਂ ਦੇ ਨਿਸ਼ਾਨ ਕਾਪੀ ਕਰ ਸਕਣਾ ਹੈਕਰਜ਼ ਲਈ ਸੰਭਵ ਨਹੀਂ। ਇਸ ਸਿਸਟਮ ਨੂੰ ਬਾਇਓਮੈਟ੍ਰਿਕ ’ਚ ਪਾਉਣ ’ਤੇ ਇਹ ਹਰੇਕ ਬਾਇਓਮੈਟ੍ਰਿਕ ਡਾਟੇ ਨੂੰ ਸੁਰੱਖਿਅਤ ਕਰ ਦੇਵੇਗਾ।

ਸਿਸਟਮ ਖ਼ੁਦ ਹੀ ਕਰੇਗਾ ਕੰਮ

ਡਾ. ਇਸ਼ਾਨ ਨੇ ਦੱਸਿਆ ਕਿ ਸਿਸਟਮ ਦੀ ਪ੍ਰੋਗਰਾਮਿੰਗ ਇੰਜ ਕੀਤੀ ਗਈ ਹੈ ਕਿ ਇਸ ਨੂੰ ਬਾਇਓਮੈਟ੍ਰਿਕ ’ਚ ਪਾਉਣ ’ਤੇ ਇਹ ਖ਼ੁਦ ਹੀ ਕੰਮ ਕਰਨ ਲੱਗੇਗਾ। ਸਿਸਟਮ ਇੰਸਟਾਲ ਵਾਲੇ ਬਾਇਓਮੈਟ੍ਰਿਕ ’ਚ ਅੰਗੂਠੇ, ਹੱਥ ਜਾਂ ਉਂਗਲੀਆਂ ਦੇ ਨਿਸ਼ਾਨ ਲੱਗਦੇ ਹੀ ਫਿੰਗਰ ਪਿ੍ਰੰਟ ਦੇ ਹਿੱਸੇ ’ਚ ਕਈ ਪੜਾਵਾਂ ’ਚ ਘੇਰਾ ਤਿਆਰ ਹੋਵੇਗਾ ਜਿਸ ’ਚ ਜੁੜਨ ਤੇ ਟੁੱਟਣ ਦੀ ਪ੍ਰਕਿਰਿਆ ਚੱਲਦੀ ਰਹੇਗੀ ਤੇ ਉਂਗਲੀਆਂ ਦੇ ਨਿਸ਼ਾਨ ਨਾਲ ਜੁੜੇ ਕਈ ਪਿ੍ਰੰਟ ਬਣਦੇ ਰਹਿਣਗੇ। ਇਹ ਇੰਨਾ ਗੁੰਝਲਦਾਰ ਹੋਵੇਗਾ ਕਿ ਹੈਕਰਜ਼ ਇਸ ਦੀ ਵਰਤੋਂ ਤਾਂ ਦੂਰ, ਕਾਪੀ ਤੱਕ ਨਹੀਂ ਕਰ ਸਕਣਗੇ।

ਡਿਜੀਟਲ ਯੁੱਗ ’ਚ ਬਾਇਓਮੈਟ੍ਰਿਕ ਸੁਰੱਖਿਆ ਜ਼ਰੂਰੀ

ਡਾ. ਇਸ਼ਾਨ ਨੇ ਦੱਸਿਆ ਕਿ ਅੱਜ ਆਧਾਰ ਕਾਰਡ, ਸਿਮ ਖ਼ਰੀਦਣ, ਬੈਂਕ ਅਕਾਊਂਟ ਤੇ ਕਈ ਅਹਿਮ ਕੰਮਕਾਜ ਲਈ ਬਾਇਓਮੈਟ੍ਰਿਕ ਥੰਬ ਦੇਣਾ ਪੈਂਦਾ ਹੈ। ਕਈ ਸਾਈਬਰ ਕ੍ਰਾਈਮ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ’ਚ ਹੈਕਰਜ਼ ਬਾਇਓਮੈਟ੍ਰਿਕ ਚੋਰੀ ਕਰਨ ਤੋਂ ਬਾਅਦ ਕਲੋਨ ਬਣਾ ਕੇ ਉਸ ਦੀ ਵਰਤੋਂ ਕਰ ਰਹੇ ਹਨ। ਡਿਜੀਟਲ ਯੁੱਗ ’ਚ ਇਸ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ। ਬਾਇਓਮੈਟ੍ਰਿਕ ਦੀ ਉਪਯੋਗਤਾ ਤੇ ਭਵਿੱਖ ਦੀਆਂ ਪਰਿਸਥਿਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਇਸ ’ਤੇ ਖੋਜ ਕੀਤੀ ਗਈ ਹੈ।

ਬਾਇਓਮੈਟ੍ਰਿਕ ਡਾਟੇ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਹ ਸਿਸਟਮ ਤਿਆਰ ਕੀਤਾ ਗਿਆ ਹੈ। ਸਾਲ 2014 ’ਚ ਪੇਟੈਂਟ ਲਈ ਅਪਲਾਈ ਕੀਤਾ ਗਿਆ ਸੀ। ਤਕਨੀਕੀ ਤੌਰ ’ਤੇ ਕਈ ਪੜਾਵਾਂ ’ਚ ਪ੍ਰੀਖਣ ਤੋਂ ਬਾਅਦ ਅਖ਼ੀਰ 15 ਫਰਵਰੀ 2023 ਨੂੰ ਸਾਨੂੰ ਪੇਟੈਂਟ ਮਿਲ ਗਿਆ ਹੈ।

ad