ਅਮਰੀਕਾ ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੀ ਮੌਤ, ਟਾਂਡਾ ਰਹਿੰਦਾ ਪਰਿਵਾਰ ਡੂੰਘੇ ਸਦਮੇ ਚ

ਅਮਰੀਕਾ ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੀ ਮੌਤ, ਟਾਂਡਾ ਰਹਿੰਦਾ ਪਰਿਵਾਰ ਡੂੰਘੇ ਸਦਮੇ ਚ

ਟਾਂਡਾ ਉੜਮੁੜ/ਅਮਰੀਕਾ- ਅਮਰੀਕਾ ਦੇ ਕੈਲੀਫੋਰਨੀਆ 'ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਿਤ ਅਗਵਾ ਕੀਤੇ ਗਏ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੀ ਪੁਸ਼ਟੀ ਉੱਥੋਂ ਦੀ ਪੁਲਸ ਨੇ ਕੀਤੀ ਹੈ। ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਜਾ ਰਹੀ ਹੈ। ਮਰਸਡ ਸ਼ੈਰਿਫ ਅਧਿਕਾਰੀਆਂ ਨੇ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36) ਅਤੇ ਉਸ ਦੇ ਤਾਇਆ ਅਮਨਦੀਪ ਸਿੰਘ (39) ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਉੱਥੋਂ ਦੇ ਇੰਡੀਆਨਾ ਰੋਡ ਅਤੇ ਹਚਇਨਸਨ ਰੋਡ ਦੇ ਬਾਗ ਚੋਂ ਉਕਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਖ਼ਬਰ ਦੇ ਮਿਲਣ 'ਤੇ ਟਾਂਡਾ ਇਲਾਕੇ ਅਤੇ ਅਮਰੀਕਾ ਰਹਿੰਦੇ ਪੰਜਾਬੀਆਂ 'ਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਮਰਸਡ ਕਾਊਂਟੀ 'ਚ ਬੀਤੇ ਸੋਮਵਾਰ ਨੂੰ ਉਕਤ ਪਰਿਵਾਰ ਦੇ 4 ਜੀਆਂ ਨੂੰ ਅਗਵਾ ਕਰ ਲਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਸੀ। ਜਸਦੀਪ ਦੇ ਮਾਤਾ-ਪਿਤਾ ਡਾ. ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ 'ਚ ਹੈ।

ad