ਭਾਰਤ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਕਾਨੂੰਨਾਂ ਦੀ ਪਾਲਣਾ ਕਰਨੀ ਹੋਵੇਗੀ-ਜੈਸ਼ੰਕਰ

ਭਾਰਤ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਕਾਨੂੰਨਾਂ ਦੀ ਪਾਲਣਾ ਕਰਨੀ ਹੋਵੇਗੀ-ਜੈਸ਼ੰਕਰ

ਨਵੀਂ ਦਿੱਲੀ, - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਬਰਤਾਨਵੀ ਹਮਰੁਤਬਾ ਜੇਮਜ਼ ਕਲੀਵਰਲੀ ਨੂੰ ਕਿਹਾ ਹੈ ਕਿ ਭਾਰਤ 'ਚ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਸੰਬੰਧਿਤ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ | ਭਾਰਤ ਸਰਕਾਰ ਦੇ ਇਕ ਸੂਤਰ ਨੇ ਦੱਸਿਆ ਹੈ ਕਿ ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਕੋਲ ਬੀ.ਬੀ.ਸੀ. ਟੈਕਸ ਦਾ ਮੁੱਦਾ ਉਠਾਇਆ | ਭਾਰਤ ਸਰਕਾਰ ਦੇ ਇਕ ਸੂਤਰ ਨੇ ਕਿਹਾ ਕਿ ਬਰਤਾਨਵੀ ਆਗੂ ਨੂੰ ਦਿ੍ੜ੍ਹਤਾ ਨਾਲ ਕਿਹਾ ਗਿਆ ਹੈ ਕਿ ਭਾਰਤ 'ਚ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਸੰਬੰਧਿਤ ਕਾਨੂੰਨਾਂ ਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਤੇ ਮੁੰਬਈ 'ਚ ਬੀ.ਬੀ.ਸੀ. ਦਫ਼ਤਰਾਂ 'ਚ ਸਰਵੇਖਣ ਕੀਤਾ ਸੀ | ਆਮਦਨ ਕਰ ਅਧਿਕਾਰੀਆਂ ਦੀ ਇਹ ਕਾਰਵਾਈ 2002 ਦੇ ਗੁਜਰਾਤ ਦੰਗਿਆਂ ਬਾਰੇ ਬਿ੍ਟਿਸ਼ ਬ੍ਰਾਡਕਾਸਟਰ ਦੁਆਰਾ ਜਾਰੀ ਕੀਤੀ ਗਈ ਇਕ ਦਸਤਾਵੇਜ਼ੀ ਫਿਲਮ ਦੇ ਵਿਵਾਦ ਦੇ ਪਿਛੋਕੜ 'ਚ ਆਈ ਹੈ | ਉਧਰ ਇਕ ਟਵੀਟ 'ਚ ਐਸ. ਜੈਸ਼ੰਕਰ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਦੁਵੱਲੇ ਸੰਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਗਲੋਬਲ ਸਥਿਤੀ ਦੇ ਨਾਲ-ਨਾਲ ਜੀ-20 ਏਜੰਡੇ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਇਸੇ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਦੁਵੱਲੇ ਸਹਿਯੋਗ, ਯੂਕਰੇਨ ਸੰਘਰਸ਼ ਤੇ ਜੀ-20 ਨਾਲ ਸੰਬੰਧਿਤ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ | ਇਸ ਸੰਬੰਧੀ ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਸਕੋ ਭਾਰਤ ਦੀਆਂ ਦੱਸੀਆਂ ਗਈਆਂ ਤਰਜੀਹਾਂ ਜਿਵੇਂ ਕਿ ਸਮਾਵੇਸ਼ੀ ਤੇ ਟਿਕਾਊ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣਾ, ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਵੱਲ ਤਰੱਕੀ ਨੂੰ ਤੇਜ਼ ਕਰਨਾ, ਬਹੁਪੱਖੀ ਸੰਸਥਾਵਾਂ 'ਚ ਸੁਧਾਰ ਕਰਨਾ ਤੇ ਡਿਜੀਟਲ ਆਧੁਨਿਕੀਕਰਨ ਦੀ ਸਾਰਥਿਕਤਾ ਨੂੰ ਸਾਂਝਾ ਕਰਦਾ ਹੈ |

sant sagar