ਕਮਲਾ ਹੈਰਿਸ ਦੀ ਚੋਣ ਕਰਕੇ ਅਮਰੀਕੀ ਇਤਿਹਾਸ ਸਿਰਜਣਗੇ: ਨੀਲ ਮਖੀਜਾ

ਕਮਲਾ ਹੈਰਿਸ ਦੀ ਚੋਣ ਕਰਕੇ ਅਮਰੀਕੀ ਇਤਿਹਾਸ ਸਿਰਜਣਗੇ: ਨੀਲ ਮਖੀਜਾ

ਫਿਲਾਡੈਲਫੀਆ,(ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਮੂਲ ਦੇ ਡੈਮੋਕਰੈਟਿਕ ਆਗੂ ਨੀਲ ਮਖੀਜਾ ਨੇ ਕਿਹਾ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ 8 ਕਰੋੜ ਅਮਰੀਕੀਆਂ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਤਾ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਤੇ ਅਜੇ ਵੀ ਉਹ ਟਰੰਪ ਉੁੱਤੇ ਯਕੀਨ ਨਹੀਂ ਕਰਦੇ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ। ਸੀਐੱਨਐੱਨ ਤੇ ਹੋਰਨਾਂ ਆਊਟਲੈੱਟਾਂ ਵੱਲੋਂ ਕੀਤੇ ਸਰਵੇਖਣ ਵਿਚ ਟਰੰਪ ਤੇ ਕਮਲਾ ਦਰਮਿਆਨ ਫਸਵੇਂ ਮੁਕਾਬਲੇ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।

ਹਾਰਵਰਡ ਤੋਂ ਪੜ੍ਹੇ ਅਤੇ ਡੈਮੋਕਰੈਟਿਕ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿਚ ਸ਼ੁਮਾਰ ਮਖੀਜਾ ਪੈਨਸਿਲਵੇਨੀਆ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਚੋਣ ਮੁਹਿੰਮ ਦਾ ਕੰਮ ਦੇਖ ਰਹੇ ਹਨ। ਮਖੀਜਾ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਇਹ ਸੋਚਣਾ ਵੀ ਫ਼ਿਕਰ ਵਧਾ ਦਿੰਦਾ ਹੈ ਕਿ ਟਰੰਪ ਵ੍ਹਾਈਟ ਹਾਊਸ ਵਿਚ ਵਾਪਸੀ ਕਰ ਸਕਦੇ ਹਨ ਜਾਂ ਵਾਪਸੀ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਹੈਰਿਸ ਨੂੰ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦਾ ਮਨ ਬਣਾ ਕੇ ਇਤਿਹਾਸ ਸਿਰਜਣ ਦੀ ਤਿਆਰੀ ਕਰ ਲਈ ਹੈ। ਮਖੀਜਾ ਇਸ ਵੇਲੇ ਮੌਂਟਗੁਮਰੀ ਕਾਊਂਟੀ ਦੇ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ ਬੋਰਡ ਆਫ਼ ਇਲੈਕਸ਼ਨਜ਼ ਦੇ ਚੇਅਰ ਹਨ। ਉਹ ਪੈਨਸਿਲਵੇਨੀਆ ਦੇ ਇਤਿਹਾਸ ਵਿਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਕਮਿਸ਼ਨਰ ਸਨ। ਕਈ ਡੈਮੋਕਰੈਟਾਂ ਦਾ ਮੰਨਣਾ ਹੈ ਕਿ ਜੇ ਹੈਰਿਸ ਚੋਣ ਜਿੱਤਦੀ ਹੈ ਤਾਂ ਮਖੀਜਾ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਮਖੀਜਾ ਨੇ ਕਿਹਾ, ‘‘ਡੋਨਲਡ ਟਰੰਪ ਪਿਛਲੀ ਚੋਣ ਹਾਰ ਗਏ ਸਨ। ਉਨ੍ਹਾਂ ਨੂੰ ਅਮਰੀਕਾ ਦੇ 8 ਕਰੋੜ ਲੋਕਾਂ ਨੇ ਨਕਾਰ ਦਿੱਤਾ ਸੀ, ਜਿਨ੍ਹਾਂ ਨੇ ਉਨ੍ਹਾਂ ਖਿਲਾਫ਼ ਵੋਟਾਂ ਪਾਈਆਂ ਸਨ। ਅਤੇ ਅਜੇ ਵੀ ਉਹ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹਨ।’’ ਮਖੀਜਾ ਨੇ ਕਿਹਾ, ‘‘ਇਹੀ ਨਹੀਂ ਟਰੰਪ ਨੇ ਚੋਣ ਨਤੀਜਿਆਂ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ 2021 ਵਿਚ ਸੱਤਾ ਪਰਿਵਰਤਨ ਰੋਕਣ ਲਈ ਹਿੰਸਕ ਹਜੂਮ ਜ਼ਰੀਏ ਕੋਸ਼ਿਸ਼ ਵੀ ਕੀਤੀ। ਉਹ ਬਹੁਤ ਖ਼ਤਰਨਾਕ ਹੈ।’’ 

ad