ਸਾਨੂੰ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ: ਮਰੀਅਮ ਨਵਾਜ਼

ਸਾਨੂੰ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ: ਮਰੀਅਮ ਨਵਾਜ਼

ਸਾਨੂੰ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ: ਮਰੀਅਮ ਨਵਾਜ਼
ਲਾਹੌਰ-ਪਾਕਿਸਤਾਨ ਦੇ ਸੂਬਾ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅੱਜ ਸਿੱਖ ਯਾਤਰੂਆਂ ਜਿਨ੍ਹਾਂ ਵਿੱਚੋਂ ਬਹੁਤੇ ਭਾਰਤ ਤੋਂ ਸਨ, ਦੇ ਜਥੇ ਨਾਲ ਮੁਲਾਕਾਤ ਕੀਤੀ ਅਤੇ ਯਾਦ ਕੀਤਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਕਹਿੰਦੇ ਹਨ ਕਿ ਮੁਲਕ (ਪਾਕਿਸਤਾਨ) ਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਵਿਸਾਖੀ ਦੇ ਤਿਉਹਾਰ ਸਬੰਧੀ ਸਮਾਗਮਾਂ ’ਚ ਹਿੱਸਾ ਲੈਣ ਲਈ ਮੌਜੂਦਾ ਸਮੇਂ ਲਗਪਗ 2,400 ਸਿੱਖ ਸ਼ਰਧਾਲੂ ਪਾਕਿਸਤਾਨ ਦੌਰੇ ’ਤੇ ਹਨ।
ਕਰਤਾਰਪੁਰ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮਰੀਅਮ ਨੇ ਆਪਣੇ ਪਿਤਾ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੇ ਬੋਲਾਂ ਨੂੰ ਯਾਦ ਕਰਦਿਆਂ ਕਿਹਾ, ‘‘ਸਾਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਸਾਨੂੰ ਉਨ੍ਹਾਂ ਲਈ ਆਪਣੇ ਦਿਲ ਖੁੱਲ੍ਹੇ ਰੱਖਣ ਦੀ ਲੋੜ ਹੈ।’’ ਸਿੱਖ ਯਾਤਰੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੀ ਯਾਦਗਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚੇ। ਮਰੀਅਮ ਨਵਾਜ਼ ਨੇ ਉੱਥੇ ਇਕੱਠੇ ਹੋਏ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਰੀਅਮ ਨੇ ਅੰਮ੍ਰਿਤਸਰ ਤੋਂ ਆਈ ਇੱਕ ਭਾਰਤੀ ਮਹਿਲਾ ਨੂੰ ਗਲਵੱਕੜੀ ’ਚ ਲਿਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਦੱਸਣਯੋਗ ਹੈ ਮਰੀਅਮ (50) ਨੂੰ ਨਵਾਜ਼ ਸ਼ਰੀਫ ਦੀ ਸਿਆਸੀ ਵਾਰਿਸ ਮੰਨਿਆ ਜਾਂਦਾ ਹੈ। ਉਹ ਫਰਵਰੀ ਮਹੀਨੇ ਪਾਕਿਸਤਾਨ ’ਚ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ ਸੀ। ਮਰੀਅਮ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿੱਚ ਵਿਸਾਖੀ ਦਾ ਤਿਉਹਾਰ ਸਰਕਾਰੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਮੇਰਾ ਪੰਜਾਬ ਹੈ ਅਤੇ ਅਸੀਂ ਘੱਟ-ਗਿਣਤੀਆਂ ਦੇ ਸਾਰੇ ਤਿਉਹਾਰ ਜਿਵੇਂ ਹੋਲੀ, ਈਸਟਰ ਤੇ ਵਿਸਾਖੀ ਆਦਿ ਇਕੱਠਿਆਂ ਮਨਾ ਰਹੇ ਹਨ।’’ ਮਰੀਅਮ ਮੁਤਾਬਕ, ‘‘ਅਸੀਂ ਇੱਥੇ ਭਾਰਤੀ ਪੰਜਾਬ ਦੇ ਲੋਕਾਂ ਵਾਂਗ ਪੰਜਾਬੀ ਬੋਲਣਾ ਚਾਹੁੰਦੇ ਹਾਂ। ਮੇਰੇ ਦਾਦਾ ਮੀਆਂ ਸ਼ਰੀਫ਼ ਜਾਤੀ ਉਮਰਾ (ਅੰਮ੍ਰਿਤਸਰ) ਤੋਂ ਸਨ। ਜਦੋਂ ਇੱਕ ਭਾਰਤੀ ਵਿਅਕਤੀ ਜਾਤੀ ਉਮਰਾ ਦੀ ਮਿੱਟੀ ਲਿਆਇਆ ਤਾਂ ਮੈਂ ਉਸ (ਮਿੱਟੀ) ਨੂੰ ਉਨ੍ਹਾਂ ਦੀ ਕਬਰ ’ਤੇ ਚੜ੍ਹਾ ਦਿੱਤਾ।’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ’ਚ ਰਮੇਸ਼ ਸਿੰਘ ਅਰੋੜਾ ਨੂੰ ਪਹਿਲਾ ਸਿੱਖ ਮੰਤਰੀ ਬਣਾਇਆ ਹੈ। ਉਨ੍ਹਾਂ ਦਾਅਵਾ ਕੀਤਾ, ‘‘ਮੇਰੇ ਪਿਤਾ ਨੇ ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ 2013 ’ਚ ਰੱਖਿਆ ਸੀ।’’ 

ad