ਅੰਮ੍ਰਿਤਸਰ ’ਚ ਕਰੋਨਾ ਦੇ 36 ਨਵੇਂ ਕੇਸ ਆਏ

ਅੰਮ੍ਰਿਤਸਰ ’ਚ ਕਰੋਨਾ ਦੇ 36 ਨਵੇਂ ਕੇਸ ਆਏ

ਗੁਰੂ ਕੀ ਨਗਰੀ ਵਿਚ ਕਰੋਨਾ ਦਾ ਕਹਿਰ ਨਿਰੰਤਰ ਵਧ ਰਿਹਾ ਹੈ ਅਤੇ ਅੱਜ ਕਰੋਨਾ ਦੇ 36 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ, ਜਿਸ ਨਾਲ ਇਥੇ ਜ਼ੇਰੇ ਇਲਾਜ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 173 ਹੋ ਗਈ ਹੈ।
ਸਿਹਤ ਵਿਭਾਗ ਮੁਤਾਬਕ ਇਨ੍ਹਾਂ ਨਵੇਂ ਮਰੀਜ਼ਾਂ ਵਿੱਚੋਂ 17 ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਫਲੂ ਕਾਰਨ ਪੀੜਤ ਹੋਏ ਹਨ। ਇਨ੍ਹਾਂ ਵਿਚੋਂ ਦੋ ਗੇਟ ਹਕੀਮਾਂ, ਤਿੰਨ ਗੇਟ ਖਜ਼ਾਨਾ, ਇਕ ਕੋਰਟ ਹਰਨਾਮ ਸਿੰਘ, ਇਕ ਨਮਕ ਮੰਡੀ, ਦੋ ਮਹਾਂ ਸਿੰਘ ਗੇਟ, ਇਕ ਗੰਗਾ ਐਨਕਲੇਵ, ਇਕ ਕਟੜਾ ਸਫੈਦ, ਇਕ ਭਗਤਾਂਵਾਲਾ, ਇਕ ਕੋਟ ਖਾਲਸਾ, ਇਕ ਪੁਤਲੀਘਰ, ਇਕ ਢਾਬ, ਇਕ ਰਾਮ ਤੀਰਥ ਰੋਡ ਸਥਿਤ ਕਲੋਨੀ ਅਤੇ ਇਕ ਵੇਰਕਾ ਇਲਾਕੇ ਨਾਲ ਸਬੰਧਤ ਹਨ।
18 ਨਵੇਂ ਪਾਜ਼ੇਟਿਵ ਮਰੀਜ਼ ਅਜਿਹੇ ਹਨ, ਜੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ। ਇਨ੍ਹਾਂ ਵਿਚੋਂ ਤਿੰਨ ਪਾਰਕ ਲੇਨ, ਤਿੰਨ ਗੇਟ ਖਜ਼ਾਨਾ, ਦੋ ਗੇਟ ਹਕੀਮਾਂ, ਤਿੰਨ ਗਲੀ ਜੱਟਾਂ ਵਾਲੀ, ਤਿੰਨ ਸ਼ਾਸ਼ਤਰੀ ਮਾਰਕੀਟ ਨਾਲ ਸਬੰਧਤ ਹਨ। ਜਦੋਂਕਿ ਦੋ ਪਿੰਡ ਦੂਲੋ ਨੰਗਲ ਅਤੇ ਦੋ ਬਿਆਸ ਨਾਲ ਸਬੰਧਤ ਮਰੀਜ਼ ਹਨ। ਇਸ ਵੇਲੇ ਕੁਲ ਕਰੋੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 578 ਹੋ ਗਈ ਹੈ, ਜਿਨ੍ਹਾਂ ਵਿੱਚੋਂ 390 ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ। ਹੁਣ ਤਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ 15 ਮੌਤਾਂ ਹੋ ਚੁਕੀਆਂ ਹਨ।
ਮਰੀਜਾਂ ਦੇ ਅੰਕੜਿਆਂ ਬਾਰੇ ਭੰਬਲ-ਭੂਸਾ
ਜ਼ਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਅਲੱਗ-ਅਲੱਗ ਅੰਕੜੇ ਜਾਰੀ ਕੀਤੇ ਗਏ ਹਨ। ਸੂਬਾ ਪੱਧਰ ’ਤੇ ਜਾਰੀ ਮੈਡੀਕਲ ਬੁਲੇਟਿਨ ਵਿਚ ਅੰਮ੍ਰਿਤਸਰ ਜ਼ਿਲ੍ਹੇ ’ਚ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 63 ਅਤੇ ਕੁੱਲ ਮਰੀਜ਼ਾਂ ਦੀ ਗਿਣਤੀ 592, ਠੀਕ ਹੋਇਆਂ ਦੀ ਗਿਣਤੀ 356 ਅਤੇ ਜ਼ੇਰੇ ਇਲਾਜ ਦੀ ਗਿਣਤੀ 220 ਦੱਸੀ ਗਈ ਹੈ ਜਦੋਂਕਿ ਮੌਤਾਂ ਦੀ ਗਿਣਤੀ 16 ਦਿੱਤੀ ਗਈ ਹੈ। 12 ਜੂਨ ਨੂੰ ਕਰੋਨਾ ਨਾਲ ਮੌਤਾਂ ਦੀ ਗਿਣਤੀ 3 ਦਿੱਤੀ ਗਈ ਹੈ। ਦੂਜੇ ਪਾਸੇ ਸਥਾਨਕ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ 36, ਕੁੱਲ ਮਰੀਜ਼ਾਂ ਦੀ ਗਿਣਤੀ 578, ਜ਼ੇਰੇ ਇਲਾਜ 173 ਅਤੇ ਠੀਕ ਹੋਇਆਂ ਦੀ ਗਿਣਤੀ 390 ਦੱਸੀ ਗਈ ਹੈ ਜਦੋਂਕਿ ਮੌਤਾਂ ਦੀ ਗਿਣਤੀ 15 ਦਿੱਤੀ ਗਈ ਹੈ। ਅੱਜ ਹੋਈਆਂ ਮੌਤਾਂ ਦੀ ਗਿਣਤੀ ਇੱਕ ਦੱਸੀ ਗਈ ਹੈ।
ਕੁਝ ਲੋਕਾਂ ਨੇ ਟੈਸਟ ਕਰਵਾਏ
ਕੰਟੇਨਮੈਂਟ ਜ਼ੋਨ ਅਧੀਨ ਆਉਂਦੇ ਇਲਾਕੇ ਬੰਬੇ ਵਾਲਾ ਖੂਹ ਦੇ ਕੁਝ ਲੋਕਾਂ ਵੱਲੋਂ ਅੱਜ ਕਰੋਨਾ ਟੈਸਟ ਕਰਾਏ ਗਏ ਹਨ। ਕੱਲ੍ਹ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਟੈਸਟ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਡਾ. ਮਨਦੀਪ ਸੰਧੂ ਨੇ ਦੱਸਿਆ ਕਿ ਅੱਜ ਚਾਰ ਪੰਜ ਜਣਿਆਂ ਵਲੋਂ ਕਰੋਨਾ ਦੇ ਟੈਸਟ ਕਰਾਏ ਗਏ ਹਨ ਅਤੇ ਭਲਕੇ ਇਹ ਗਿਣਤੀ ਹੋਰ ਵਧ ਜਾਵੇਗੀ।

sant sagar