ਪ੍ਰਾਈਵੇਟ ਬੱਸਾਂ ਨੂੰ ਵੀ ਹਰੀ ਝੰਡੀ

ਪ੍ਰਾਈਵੇਟ ਬੱਸਾਂ ਨੂੰ ਵੀ ਹਰੀ ਝੰਡੀ

ਪੰਜਾਬ ਸਰਕਾਰ ਨੇ ਲੌਕਡਾਊਨ ਦੌਰਾਨ ਹੱਥੋਂ-ਹੱਥ ਪ੍ਰਾਈਵੇਟ ਬੱਸਾਂ ਚਲਾਏ ਜਾਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। 21 ਮਈ ਤੋਂ ਸੂੁਬੇ ਦੀਆਂ ਸੜਕਾਂ ’ਤੇ ਪ੍ਰਾਈਵੇਟ ਟਰਾਂਸਪੋਰਟ ਵੀ ਦੌੜਦੀ ਨਜ਼ਰ ਆਏਗੀ। ਬੁੱਧਵਾਰ ਤੋਂ ਸਰਕਾਰੀ ਬੱਸ ਸੇਵਾ ਦਾ ਮਹੂਰਤ ਹੋ ਰਿਹਾ ਹੈ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਦੇ ਪਿੰਡਾਂ ਨੂੰ ਅਜੇ ਬੱਸ ਸਰਵਿਸ ਤੋਂ ਵਾਂਝਾ ਰਹਿਣਾ ਪਵੇਗਾ। ਪੰਜਾਬ ਰੋਡਵੇਜ਼ ਵੱਲੋਂ ਹਰ ਡਿੱਪੂ ਤੋਂ ਚਾਰ ਚਾਰ ਪੰਜ ਪੰਜ ਰੂਟਾਂ ’ਤੇ ਬੱਸਾਂ ਚਲਾਈਆਂ ਜਾਣੀਆਂ ਹਨ। ਵੇਰਵਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸਾਂ ਨੂੰ ਚਲਾਏ ਜਾਣ ਦੀ ਤਜਵੀਜ਼ ਸਰਕਾਰ ਨੂੰ ਭੇਜ ਦਿੱਤੀ ਹੈ ਅਤੇ ਸਰਕਾਰ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਬੱਸਾਂ ਤੋਂ ਇੱਕ ਦਿਨ ਮਗਰੋਂ ਹੀ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਜਾਵੇਗੀ। ਪੰਜਾਬ ਵਿੱਚ ਕਈ ਵੱਡੇ ਘਰਾਣੇ ਹਨ, ਜਿਨ੍ਹਾਂ ਦੀਆਂ ਬੱਸਾਂ ਕਰਫਿਊ ਲੱਗਣ ਮਗਰੋਂ ਵੱਖ-ਵੱਖ ਥਾਵਾਂ ’ਤੇ ਖੜ੍ਹੀਆਂ ਹਨ। ਪ੍ਰਾਈਵੇਟ ਬੱਸ ਅਪਰੇਟਰਾਂ ਨੇ ਵੀ ਭਿਣਕ ਲੱਗਣ ਮਗਰੋਂ ਬੱਸਾਂ ਦੀ ਝਾੜ-ਪੂੰਝ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਰਕਾਰ ਨੇ ਪ੍ਰਾਈਵੇਟ ਬੱਸਾਂ ਨੂੰ ਸ਼ਰਤਾਂ ਤਹਿਤ ਹਰੀ ਝੰਡੀ ਦਿੱਤੀ ਹੈ। ਬੱਸ, ਇੱਕ ਬੱਸ ਸਟੈਂਡ ਤੋਂ ਦੂਸਰੇ ਬੱਸ ਸਟੈਂਡ ਤੱਕ ਚੱਲੇਗੀ ਅਤੇ ਰਸਤੇ ਵਿਚ ਕਿਤੇ ਵੀ ਨਹੀਂ ਰੁਕੇਗੀ। ਪ੍ਰਾਈਵੇਟ ਬੱਸਾਂ ਨੂੰ ਕੋਵਿਡ ਨਿਯਮਾਂ ਦੀ ਮੁਕੰਮਲ ਪਾਲਣਾ ਕਰਨੀ ਹੋਵੇਗੀ। ਵੱਡੇ ਟਰਾਂਸਪੋਰਟਰ ਭਲਕੇ ਸ਼ੁਰੂ ਹੋਣ ਵਾਲੀ ਪਬਲਿਕ ਟਰਾਂਸਪੋਰਟ ਤੋਂ ਲੋਕਾਂ ਦੇ ਹੁੰਗਾਰੇ ਦੀ ਸਮੀਖਿਆ ਕਰਨਗੇ।
ਇਸ ਦੌਰਾਨ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੇ ਪੰਜਾਬ ਭਰ ਵਿਚ 155 ਦੇ ਕਰੀਬ ਰੂਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ’ਤੇ ਭਲਕ ਤੋਂ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਪੰਜਾਹ ਰੂਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪ੍ਰੰਤੂ ਅੱਜ ਨਵੇਂ ਰੂਟਾਂ ਨੂੰ ਵੀ ਇਸ ’ਚ ਸ਼ਾਮਲ ਕਰ ਲਿਆ ਗਿਆ ਹੈ। ਪੰਜਾਬ ਰੋਡਵੇਜ਼ ਦੇ 18 ਡਿੱਪੂ ਹਨ ਅਤੇ ਹਰ ਡਿੱਪੂ ’ਚੋਂ ਚਾਰ ਚਾਰ ਜਾਂ ਪੰਜ ਪੰਜ ਰੂਟਾਂ ਤੇ ਬੱਸਾਂ ਚੱਲਣਗੀਆਂ। ਸਰਕਾਰ ਨੇ ਫਿਲਹਾਲ

ਏਸੀ ਬੱਸਾਂ ਨੂੰ ਚਲਾਉਣ ਲਈ ਪ੍ਰਵਾਨਗੀ ਨਹੀਂ ਦਿੱਤੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਟਰਾਂਸਪੋਰਟਰਾਂ ਨੂੰ ਕਰਫਿਊ ਤੇ ਤਾਲਾਬੰਦੀ ਦੇ ਸਮੇਂ ਦੌਰਾਨ ਟੈਕਸਾਂ ਤੋਂ ਖੁੱਲ੍ਹ ਦੇਣ ਦੀ ਯੋਜਨਾ ਸੀ, ਜਿਹੜੀ ਸਿਰੇ ਨਹੀਂ ਲੱਗੀ ਹੈ। ਉਧਰ ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਭਲਕੇ ਬੱਸ ਸੇਵਾ ਸ਼ੁਰੂ ਹੋ ਰਹੀ ਹੈ ਅਤੇ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

ad