ਇੰਦੌਰ ਦੇ ਮੰਦਰ 'ਚ ਬਾਉਲੀ ਦੀ ਛੱਤ ਟੁੱਟਣ ਕਾਰਨ 22 ਮੌਤਾਂ

ਇੰਦੌਰ, - ਇੰਦੌਰ 'ਚ ਇਕ ਮੰਦਰ 'ਚ ਰਾਮਨੌਮੀ ਮੌਕੇ ਹਵਨ ਦੌਰਾਨ ਬਾਉਲੀ (ਖ਼ੂਹ) 'ਤੇ ਪਾਈ ਗਈ ਛੱਤ ਦੇ ਟੁੱਟਣ ਕਾਰਨ 22 ਲੋਕਾਂ ਦੀ ਮੌਤ ਹੋ ਗਈ | ਪੁਲਿਸ ਕਮਿਸ਼ਨਰ ਮਕਰੰਦ ਦੇਓਸਕਰ ਨੇ ਅੱਖੀਂ ਦੇਖਣ ਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ ਪਟੇਲ ਨਗਰ 'ਚ ਬਲੇਸ਼ਵਰ ਮਹਾਂਦੇਵ ਝੂਲੇਲਾਲ ਮੰਦਿਰ 'ਚ ਘਟਨਾ ਦੇ ਬਾਅਦ 30-35 ਲੋਕ ਖ਼ੂਹ 'ਚ ਡਿੱਗ ਗਏ | ਇੰਦੌਰ ਦੇ ਕਲੈਕਟਰ ਡਾ. ਇਲਾਈਆਰਾਜਾ ਟੀ ਨੇ ਕਿਹਾ ਕਿ ਪੀੜਤਾਂ 'ਚ 22 ਲੋਕਾਂ ਦੀ ਮੌਤ ਹੋ ਗਈ | ਘਟਨਾ ਦੇ ਜਲਦੀ ਹੀ ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਮਰਨ ਵਾਲਿਆਂ ਲਈ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ | ਇਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਦੌਰਾਨ ਮੰਦਰ ਵਿਚ ਬਾਉਲੀ (ਖ਼ੂਹ) ਦੇ ਉਤੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ | ਛੱਤ ਦਾ ਢਾਂਚਾ ਏਨਾ ਭਾਰ ਝੱਲ ਨਹੀਂ ਸਕਿਆ ਤੇ ਟੁੱਟ ਗਿਆ | ਹਾਦਸੇ ਦੇ ਸਮੇਂ ਜੋ ਲੋਕ ਮੰਦਰ 'ਚ ਹਾਜ਼ਰ ਸਨ, ਹਾਦਸੇ ਦੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਮੈਂਬਰਾਂ ਦੀ ਭਾਲ ਵਿਚ ਵੱਡੀ ਗਿਣਤੀ 'ਚ ਮੰਦਰ ਕੋਲ ਇਕੱਠੇ ਹੋ ਗਏ | ਪਟੇਲ ਨਗਰ ਰੈਜ਼ੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਾਂਤੀ ਭਾਈ ਪਟੇਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਐਂਬੂਲੈਂਸ ਇਕ ਘੰਟੇ ਦੇ ਬਾਅਦ ਪੁੱਜੀ | ਮੁੱਖ ਮੰਤਰੀ ਨੇ ਇੰਦੌਰ ਦੇ ਕਲੈਕਟਰ ਅਤੇ ਪੁਲਿਸ ਕਮਿਸ਼ਨਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ |