ਪੋਪ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਦਰੋਪਦੀ ਮੁਰਮੂ ਵੈਟੀਕਨ ਪੁੱਜੇ

ਪੋਪ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਦਰੋਪਦੀ ਮੁਰਮੂ ਵੈਟੀਕਨ ਪੁੱਜੇ

ਪੋਪ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭਾਰਤੀ ਰਾਸ਼ਟਰਪਤੀ ਭੇਟ ਕਰਨਗੇ ਸ਼ਰਧਾਂਜਲੀ

ਨਵੀਂ ਦਿੱਲੀ/ਵੈਟੀਕਨ ਸਿਟੀ/ਰੋਮ,(ਇੰਡੋ ਕਨੇਡੀਅਨ ਟਾਇਮਜ਼)- ਪੋਪ ਫਰਾਂਸਿਸ ਦੀਆਂ ਸ਼ਨਚਿਰਵਾਰ ਨੂੰ ਸੇਂਟ ਪੀਟਰਜ਼ ਸਕੁਏਅਰ ’ਚ ਹੋਣ ਵਾਲੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਵੈਟੀਕਨ ਸਿਟੀ ਪਹੁੰਚ ਗਏ ਹਨ। ਉਹ ਵੈਟੀਕਨ ਸਿਟੀ ਦੇ ਸੇਂਟ ਪੀਟਰਜ਼ ਦੇ ਬੇਸਿਲਿਕਾ ’ਚ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪੋਪ ਦੀਆਂ ਅੰਤਿਮ ਰਸਮਾਂ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਤੇ ਅਰਜਨਟੀਨਾ ਦੇ ਰਾਸ਼ਟਰਪਤੀ ਜ਼ੇਵੀਅਰ ਮਿਲੀ ਵੀ ਹਿੱਸਾ ਲੈਣਗੇ।

ਵੈਟੀਕਨ ਨੇ ਕਿਹਾ ਕਿ ਪੋਪ ਫਰਾਂਸਿਸ ਦੀਆਂ ਆਖਰੀ ਰਸਮਾਂ ’ਚ ਹਿੱਸਾ ਲੈਣ ਲਈ 130 ਵਫ਼ਦਾਂ ਦੀ ਪੁਸ਼ਟੀ ਹੋ ਗਈ ਹੈ, ਜਿਨ੍ਹਾਂ ’ਚ 50 ਮੁਲਕਾਂ ਦੇ ਮੁਖੀ ਤੇ 10 ਸ਼ਾਸਕ ਸ਼ਾਮਲ ਹਨ। ਪੋਪ ਦੀਆਂ ਆਖਰੀ ਰਸਮਾਂ ’ਚ ਸ਼ਮੂਲੀਅਤ ਕਰਨ ਵਾਲੀਆਂ ਹੋਰ ਵਿਦੇਸ਼ੀ ਸ਼ਖਸੀਅਤਾਂ ’ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਪ੍ਰਿੰਸ ਵਿਲੀਅਮ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਸਪੇਨ ਦੇ ਰਾਜਾ ਫਿਲਿਪ ਤੇ ਰਾਣੀ ਲੈਟਿਜ਼ਾ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਤੇ ਬਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਕੀਓ ਲੂਲਾ ਡੀਸਿਲਵਾ ਆਦਿ ਸ਼ਾਮਲ ਹਨ। ਇਸ ਤੋਂ ਪਹਿਲਾਂ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ 26 ਅਪਰੈਲ ਨੂੰ ਵੈਟੀਕਨ ਸਿਟੀ ਦੇ ਸੇਂਟ ਪੀਟਰਜ਼ ਸਕੁਏਅਰ ’ਚ ਪੋਪ ਫਰਾਂਸਿਸ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣਗੇ।’’ ਰਾਸ਼ਟਰਪਤੀ ਦਫ਼ਤਰ ਨੇ ਐਕਸ ’ਤੇ ਪੋਸਟ ’ਚ ਕਿ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਕਿਰਨ ਰਿਜਿਜੂ, ਰਾਜ ਮੰਤਰੀ ਜੌਰਜ ਕੁਰੀਅਨ ਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋਸ਼ੂਆ ਡਿਸੂਜ਼ਾ ਵੀ ਵੈਟੀਕਨ ਗਏ ਹਨ। ਦਰੋਪਦੀ ਮੁਰਮੂ ਭਾਰਤ ਸਰਕਾਰ ਤੇ ਲੋਕਾਂ ਵੱਲੋਂ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪੋਪ ਫਰਾਂਸਿਸ (88) ਦਾ ਲੰਘੇ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ ਅਤੇ ਸ਼ਨਿਚਰਵਾਰ ਨੂੰ ਉਨ੍ਹਾਂ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਅੱਜ ਪੋਪ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਕਈ ਘੰੰਟੇ ਕਤਾਰਾਂ ’ਚ ਖੜ੍ਹੇ ਰਹੇ। ਸ਼ੁੱਕਰਵਾਰ ਤੱਕ 128,000 ਤੋਂ ਵੱਧ ਲੋਕ ਮਰਹੂਮ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਪੋਪ ਦੀ ਦੇਹ ਬੇਸਿਲਿਕਾ ਦੇ ਸਾਹਮਣੇ ਇੱਕ ਜਗ੍ਹਾ ’ਤੇ ਖੁੱਲ੍ਹੇ ਤਾਬੂਤ ’ਚ ਰੱਖੀ ਗਈ ਹੈ। 

ad