ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਵਲੋਂ ਆਤਮ ਸਮਰਪਣ

ਜਲੰਧਰ/ ਸ਼ਾਹਕੋਟ/ ਮਹਿਤਪੁਰ, - ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਬੀਤੀ ਰਾਤ ਪੁਲਿਸ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜੇ ਵਿਅਕਤੀਆਂ ਦੀ ਸੂਬੇ ਭਰ 'ਚ ਭਾਲ ਕਰ ਰਹੀ ਪੁਲਿਸ ਵਲੋਂ, ਉਨ੍ਹਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰੀਆਂ ਪਾਈਆਂ ਜਾ ਰਹੀਆਂ ਹਨ, ਪਰ ਪੁਲਿਸ ਦੀ ਨਾਕਾਮੀ ਉਸ ਵੇਲੇ ਸਾਹਮਣੇ ਆਈ, ਜਦੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਪੁਲਿਸ ਦੇ ਸਾਹਮਣੇ ਹੀ ਆਪਣੇ ਦੋ ਗੰਨਮੈਨਾਂ ਸਮੇਤ ਅੰਮ੍ਰਿਤਪਾਲ ਸਿੰਘ ਫ਼ਰਾਰ ਹੋ ਗਿਆ ਤੇ ਉਸ ਦਾ ਚਾਚਾ ਹਰਜੀਤ ਸਿੰਘ ਬੁਲੰਦਪੁਰੀ ਨੇੜੇ ਅਧਿਕਾਰੀਆਂ ਨਾਲ ਗੱਲਾਂ ਕਰਦੇ-ਕਰਦੇ ਉਨ੍ਹਾਂ ਦੇ ਸਾਹਮਣੇ ਹੀ ਗਾਇਬ ਹੋ ਗਿਆ। ਹਾਲਾਂਕਿ ਆਪਣੀ ਇਸ ਮੁਹਿੰਮ ਦੌਰਾਨ ਪੁਲਿਸ ਨੇ 114 ਦੇ ਕਰੀਬ ਵਿਅਕਤੀਆਂ ਦੀ ਗ੍ਰਿਫ਼ਤਾਰੀ ਦਿਖਾਈ ਹੈ ਅਤੇ ਕੁਝ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ ਹੈ। ਪੁਲਿਸ ਨੂੰ ਆਤਮ ਸਮਰਪਣ ਕਰਨ ਤੋਂ ਪਹਿਲਾਂ ਹਰਜੀਤ ਸਿੰਘ ਨੇ ਨਿੱਜੀ ਚੈਨਲਾਂ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ ਕਿ 18 ਮਾਰਚ ਨੂੰ ਉਹ ਸਵੇਰੇ ਕਰੀਬ 8.30 ਵਜੇ ਆਪਣੇ ਪਿੰਡ ਜੱਲੂਪੁਰ ਖੈੜਾ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਨਿਕਲੇ ਸਨ। ਇਸ ਦੌਰਾਨ ਪਹਿਲਾਂ ਉਹ ਹਰੀਕੇ ਵੱਲ ਗਏ, ਤਾਂ ਰਸਤੇ 'ਚ ਪੁਲਿਸ ਦੇ ਕਈ ਨਾਕੇ ਲੱਗੇ ਹੋਏ ਸਨ। ਉਨ੍ਹਾਂ ਆਪਣਾ ਕਾਫ਼ਲਾ ਜਿਸ 'ਚ ਇਕ ਮਰਸਡੀਜ਼ ਗੱਡੀ, ਦੋ ਇਨਡੈਵਰ ਗੱਡੀਆਂ ਅਤੇ ਇਕ ਪਿੱਕਅਪ ਸੀ, ਨੂੰ ਸ਼ਾਹਕੋਟ ਵੱਲ ਮੋੜ ਲਿਆ। ਉਨ੍ਹਾਂ ਦੇਖਿਆ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਫੋਰਸ ਦੀਆਂ 3-4 ਗੱਡੀਆਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਕਾਫ਼ਲਾ ਰੋਕਿਆ ਅਤੇ ਉਹ ਆਪਣੀ ਮਰਸਡੀਜ਼ ਗੱਡੀ, ਜਿਸ 'ਚ ਉਨ੍ਹਾਂ ਦੇ ਨਾਲ ਕੇਵਲ ਇਕ ਸੇਵਾਦਾਰ ਸੀ, ਉਸ 'ਚੋਂ ਉਤਰ ਕੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ, ਪਿੱਛੇ ਉਨ੍ਹਾਂ ਕੋਲ ਗਏ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ, ਤਾਂ ਕਰ ਸਕਦੇ ਹਨ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹ ਪਰਤ ਕੇ ਵਾਪਸ ਆਪਣੀ ਗੱਡੀ ਵੱਲ ਗਏ, ਤਾਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਦੋ ਗੰਨਮੈਨ ਉਥੋਂ ਜਾ ਚੁੱਕੇ ਸਨ। ਉਸ ਨੇ ਆਪਣੀ ਗੱਡੀ ਭਜਾਈ ਅਤੇ ਬੁਲੰਦਪੁਰੀ ਦੇ ਨੇੜਲੇ ਖੇਤਰ 'ਚ ਜਾ ਕੇ ਲੁਕ ਗਿਆ। ਇਸ ਦੌਰਾਨ ਉਸ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਫ਼ਰਾਰ ਐਲਾਨ ਰਹੀ ਹੈ, ਤਾਂ ਉਸ ਨੂੰ ਸ਼ੱਕ ਹੋਇਆ ਕਿ ਪੁਲਿਸ ਅੰਮ੍ਰਿਤਪਾਲ ਦਾ ਕਿਤੇ ਝੂਠਾ ਮੁਕਾਬਲਾ ਬਣਾ ਕੇ ਉਸ ਨੂੰ ਖ਼ਤਮ ਨਾ ਕਰ ਦੇਵੇ। ਇਸ ਲਈ 19 ਮਾਰਚ ਦੀ ਰਾਤ ਨੂੰ ਉਸ ਨੇ ਡੀ.ਆਈ.ਜੀ. ਬਾਰਡਰ ਰੇਂਜ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਕ ਕਰਕੇ, ਅੰਮ੍ਰਿਤਸਰ ਵੱਲ ਲੈ ਗਈ। ਆਪਣੀ ਗ੍ਰਿਫ਼ਤਾਰੀ ਮੌਕੇ ਹਰਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਬਰਤਾਨਵੀ ਪਾਸਪੋਰਟ, ਹਥਿਆਰ ਦਾ ਲਾਇਸੈਂਸ ਤੇ ਕਰੀਬ ਇਕ ਲੱਖ ਰੁਪਏ ਦੀ ਨਕਦੀ ਵੀ ਸੌਂਪੀ ਹੈ। ਇਸ ਮੌਕੇ ਹਰਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ 'ਤੇ ਆਈ.ਐਸ.ਆਈ. ਨਾਲ ਸੰਬੰਧ ਹੋਣ ਦੇ ਕੀਤੇ ਦਾਅਵਿਆਂ ਦਾ ਵੀ ਖੰਡਨ ਕੀਤਾ। ਹਰਜੀਤ ਸਿੰਘ ਵਲੋਂ ਕੀਤੇ ਖੁਲਾਸਿਆਂ ਨਾਲ ਪੁਲਿਸ ਦੀ ਕਾਰਵਾਈ 'ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗੇ ਹਨ, ਜੋ ਪੰਜਾਬ ਦੇ ਮਾਹੌਲ ਨੂੰ ਹੋਰ ਵਿਗਾੜ ਸਕਦੇ ਹਨ।