ਪਾਕਿਸਤਾਨ ‘ਨਾਕਾਮ’ ਮੁਲਕ: ਭਾਰਤ

ਹੋਰਨਾਂ ਦੇਸ਼ਾਂ ਦੀ ਮਦਦ ਦੇ ਸਿਰ ’ਤੇ ਜਿਊਂਦਾ ਹੈ ਪਾਕਿ
ਸੰਯੁਕਤ ਰਾਸ਼ਟਰ/ਜਨੇਵਾ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਪਾਕਿਸਤਾਨ ਨੂੰ ਭੰਡਿਆ ਹੈ। ਭਾਰਤ ਨੇ ਕਿਹਾ ਕਿ ਇਕ ‘ਨਾਕਾਮ ਮੁਲਕ’, ਜੋ ‘ਕੌਮਾਂਤਰੀ ਇਮਦਾਦ’ ਦੇ ਸਿਰ ’ਤੇ ਜਿਊਂਦਾ ਹੈ, ਆਪਣੇ ਫੌਜੀ-ਦਹਿਸ਼ਤੀ ਆਕਾਵਾਂ ਵੱਲੋਂ ਬੋਲੇ ਗਏ ਝੂਠ ਨੂੰ ‘ਪੂਰੀ ਤਨਦੇਹੀ’ ਨਾਲ ਫੈਲਾਉਂਦਾ ਹੈ। ਭਾਰਤ ਨੇ ਬੁੱਧਵਾਰ ਨੂੰ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 58ਵੇਂ ਨਿਯਮਤ ਸੈਸ਼ਨ ਦੌਰਾਨ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਪਾਕਿਸਤਾਨ ਨੂੰ ਕਰਾਰੇ ਹੱਥੀਂ ਲਿਆ। ਪਾਕਿਸਤਾਨ ਨੇ ਇਕ ਵਾਰ ਫਿਰ ਬਹੁਪੱਖੀ ਆਲਮੀ ਸੰਗਠਨ ਵਿੱਚ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ। ਪਾਕਿਸਤਾਨ ਅਕਸਰ ਇਹ ਮੁੱਦਾ ਚੁੱਕਦਾ ਰਹਿੰਦਾ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਸ਼ਿਤਿਜ ਤਿਆਗੀ ਨੇ ਕਿਹਾ, ‘‘ਭਾਰਤ, ਪਾਕਿਸਤਾਨ ਵੱਲੋਂ ਕੀਤੇ ਗਏ ਬੇਬੁਨਿਆਦ ਤੇ ਵਿਵਾਦਿਤ ਹਵਾਲਿਆਂ ਦਾ ਜਵਾਬ ਦੇਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਇਹ ਅਫਸੋਸਨਾਕ ਹੈ, ਪਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਅਖੌਤੀ ਆਗੂ ਅਤੇ ਡੈਲੀਗੇਟ ਆਪਣੇ ਫੌਜੀ-ਅਤਿਵਾਦੀ ਤਾਣੇ ਬਾਣੇ ਵੱਲੋਂ ਸਿਰਜੇ ਗਏ ਝੂਠ ਨੂੰ ਪੂਰੀ ਤਨਦੇਹੀ ਨਾਲ ਫੈਲਾਉਂਦੇ ਹਨ।’’
ਤਿਆਗੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਸ ਕੌਂਸਲ ਦਾ ਸਮਾਂ ‘ਇਕ ਨਾਕਾਮ ਮੁਲਕ ਵੱਲੋਂ ਬਰਬਾਦ ਕੀਤਾ ਜਾ ਰਿਹਾ ਹੈ, ਜੋ ਅਸਥਿਰ ਹੈ ਤੇ ਕੌਮਾਂਤਰੀ ਇਮਦਾਦ ਦੇ ਸਿਰ ਉੱਤੇ ਜਿਊਂਦਾ ਹੈ। ਇਸ ਦੀ ਬਿਆਨਬਾਜ਼ੀ ਤੋਂ ਪਾਖੰਡ ਦੀ ਬਦਬੂ ਆਉਂਦੀ ਹੈ; ਇਸ ਦੀਆਂ ਕਾਰਵਾਈਆਂ ਅਣਮਨੁੱਖੀ ਹਨ ਅਤੇ ਇਸ ਦਾ ਸ਼ਾਸਨ ਅਯੋਗਤਾ ਦੀ ਮਿਸਾਲ ਹੈ।’’ ਤਿਆਗੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਸਨ, ਹਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜੰਮੂ ਕਸ਼ਮੀਰ ਵਿੱਚ ਹੋਈ ਬੇਮਿਸਾਲ ਸਿਆਸੀ, ਸਮਾਜਿਕ ਅਤੇ ਆਰਥਿਕ ਤਰੱਕੀ ਮੂੰਹੋਂ ਬੋਲਦੀ ਹੈ। ਤਿਆਗੀ ਨੇ ਕਿਹਾ, ‘‘ਇਹ ਸਫਲਤਾ ਅਤਿਵਾਦ ਪ੍ਰਭਾਵਿਤ ਖੇਤਰ ਵਿਚ ਹਾਲਾਤ ਆਮ ਵਾਂਗ ਕਰਨ ਦੀ ਸਰਕਾਰ ਦੀ ਵਚਨਬੱਧਤਾ ਵਿਚ ਲੋਕਾਂ ਦੇ ਵਿਸ਼ਵਾਸ ਦੀ ਸ਼ਾਹਦੀ ਭਰਦੀ ਹੈ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟਗਿਣਤੀਆਂ ’ਤੇ ਜ਼ੁਲਮ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਯੋਜਨਾਬੱਧ ਢੰਗ ਨਾਲ ਘਾਣ ਰਾਜ ਦੀਆਂ ਨੀਤੀਆਂ ਦਾ ਹਿੱਸਾ ਹਨ, ਅਤੇ ਜੋ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਹੈ। ਇਹ ਮੁਲਕ ਕਿਸੇ ਦੂਜੇ ਮੁਲਕ ਨੂੰ ਉਪਦੇਸ਼ ਦੇਣ ਦੀ ਸਥਿਤੀ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਆਪਣੇ ਗੈਰ-ਸਿਹਤਮੰਦ ਖ਼ਬਤੀ ਰਵੱਈਏ ਦੀ ਬਜਾਏ, ਪਾਕਿਸਤਾਨ ਨੂੰ ਆਪਣੇ ਲੋਕਾਂ ਨੂੰ ਅਸਲ ਸ਼ਾਸਨ ਅਤੇ ਨਿਆਂ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।