ਉਮਰ ਅਬਦੁੱਲਾ ਨੇ ‘ਖੱਚਰਵਾਲੇ’ ਲਈ ਪੜ੍ਹਿਆ ‘ਫ਼ਾਤਿਹਾ’

ਉਮਰ ਅਬਦੁੱਲਾ ਨੇ ‘ਖੱਚਰਵਾਲੇ’ ਲਈ ਪੜ੍ਹਿਆ ‘ਫ਼ਾਤਿਹਾ’

ਸੈਲਾਨੀਆਂ ਨੂੰ ਬਚਾਉਣ ਲਈ ਅਤਿਵਾਦੀਆਂ ਨਾਲ ਭਿੜ ਗਿਆ ਸੀ ਆਦਿਲ ਹੁਸੈਨ

ਪਹਿਲਗਾਮ,(ਇੰਡੋ ਕਨੇਡੀਅਨ ਟਾਇਮਜ਼)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਸ਼ਾਮਲ 30 ਸਾਲਾ ਖੱਚਰ ਵਾਲੇ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਅਤੇ ਹਥਿਆਰਬੰਦ ਹਮਲਾਵਰਾਂ ਨਾਲ ਭਿੜਨ ਲਈ ਉਸ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ। ਖੱਚਰ ’ਤੇ ਸੈਲਾਨੀਆਂ ਨੂੰ ਸੈਰ ਕਰਵਾਉਣ ਵਾਲੇ ਸਈਦ ਆਦਿਲ ਹੁਸੈਨ ਸ਼ਾਹ ਨੂੰ ਪਹਿਲਗਾਮ ਦੇ ਹਾਪਤਨਾਰਦ ਪਿੰਡ ਵਿੱਚ ਉਸ ਦੇ ਜੱਦੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਜਿੱਥੇ ਸੈਂਕੜੇ ਲੋਕਾਂ ਨੇ ਉਸ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਅਤੇ ਉਸ ਦੇ ਬਲਿਦਾਨ ਨੂੰ ਸਲਾਮ ਕੀਤਾ।

ਅਬਦੁੱਲ੍ਹਾ ਨੇ ‘ਐਕਸ’ ’ਤੇ ਲਿਖਿਆ, ‘‘ਮੈਂ ਸ਼ਾਹ ਲਈ ‘ਫਾਤਿਹਾ’ (ਦਫ਼ਨਾਉਣ ਤੋਂ ਬਾਅਦ ਦੀ ਨਮਾਜ਼) ਪੜ੍ਹਨ ਲਈ ਪਹਿਲਗਾਮ ਪਹੁੰਚਿਆ ਸੀ। ਸੈਲਾਨੀਆਂ ਨੂੰ ਬਚਾਉਣ ਦੇ ਦਲੇਰਾਨਾ ਯਤਨ ਦੌਰਾਨ ਇੱਕ ਅਤਿਵਾਦੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਿਆਂ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਹ ਸੈਲਾਨੀਆਂ ਨੂੰ ਖੱਚਰ ’ਤੇ ਬਿਠਾ ਕੇ ਪਾਰਕਿੰਗ ਖੇਤਰ ਤੋਂ ਬੈਸਰਨ ਲਿਜਾ ਰਿਹਾ ਸੀ।’’

ਮੁੱਖ ਮੰਤਰੀ ਨੇ ‘ਐਕਸ’ ’ਤੇ ਸਾਂਝੀ ਪੋਸਟ ਵਿੱਚ ਲਿਖਿਆ, ‘‘ਸ਼ਾਹ ਦੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ। ਆਦਿਲ (ਸ਼ਾਹ) ਇਕਲੌਤਾ ਕਮਾਉਣ ਵਾਲਾ ਸੀ ਅਤੇ ਉਸਦੀ ਅਸਾਧਾਰਨ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’ ਸ਼ਾਹ ਦੇ ਛੋਟੇ ਭਰਾ ਸਈਅਦ ਨੌਸ਼ਾਦ ਨੇ ਦੱਸਿਆ ਕਿ ਸ਼ਾਹ ਕੰਮ ਲਈ ਪਹਿਲਗਾਮ ਗਿਆ ਸੀ। ਉਸ ਨੇ ਕਿਹਾ, ‘‘ਮੰਗਲਵਾਰ ਨੂੰ ਜਦੋਂ ਅਤਿਵਾਦੀਆਂ ਨੇ ਸੈਲਾਨੀਆਂ ’ਤੇ ਹਮਲਾ ਕੀਤਾ ਤਾਂ ਮੇਰੇ ਭਰਾ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।’’ ਨੌਸ਼ਾਦ ਨੇ ਕਿਹਾ ਕਿ ਅਤਿਵਾਦੀਆਂ ਨੇ ਸ਼ਾਹ ਦੀ ਛਾਤੀ ਵਿੱਚ ਤਿੰਨ ਗੋਲੀਆਂ ਮਾਰੀਆਂ। 

sant sagar