ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਭਲਕ ਤੋਂ

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਭਲਕ ਤੋਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱੱਧਵਾਰ ਸੰਕੇਤ ਦਿੱਤੇ ਹਨ ਕਿ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਲਈ ਆਖਰੀ ਗਿਆਰਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ 21 ਫਰਵਰੀ ਤੋਂ ਬੇਸਿਨ ਰਿਜ਼ਰਵ (ਵੈਲਿੰਗਟਨ) ’ਤੇ ਖੇਡਿਆ ਜਾਵੇਗਾ।
ਬੁੱਧਵਾਰ ਨੂੰ ਟੀਮ ਵੱਲੋਂ ਕੀਤੇ ਅਭਿਆਸ ਅਨੁਸਾਰ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਰਿੱਧੀਮਾਨ ਸਾਹਾ ਟੀਮ ਵਿੱਚ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਜਗ੍ਹਾ ਲੈ ਸਕਦਾ ਹੈ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮ ਅਤੇ ਇਸ਼ਾਤ ਸ਼ਰਮਾ ਟੀਮ ’ਚ ਤਿੰਨ ਮਾਹਿਰ ਗੇਂਦਬਾਜ਼ਾਂ ਵਜੋਂ ਸ਼ਾਮਲ ਹੋ ਸਕਦੇ ਹਨ। ਜਦਕਿ ਛੇਵੇਂ ਸਥਾਨ ਵਾਲੇ ਬੱਲੇਬਾਜ਼ ਵਜੋਂ ਸ਼ਾਮਲ ਹਨੁਮਾ ਪੰਜਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਅ ਸਕਦਾ ਹੈ। ਰਵੀਚੰਦਰਨ ਅਸ਼ਵਿਨ ਇੱਕਲਾ ਮਾਹਿਰ ਸਪਿਨ ਗੇਂਦਬਾਜ਼ ਹੈ ਪਰ ਰਵਿੰਦਰ ਜਡੇਜਾ ਨੂੰ ਵੀ ਨਜ਼ਰ ਅੰਦਾਸ਼ ਨਹੀਂ ਕੀਤਾ ਜਾ ਸਕਦਾ।
ਇਸ਼ਾਂਤ ਸ਼ਰਮਾ ਰਣਜੀ ਟਰਾਫੀ ਦੇ ਮੈਚ ਦੌਰਾਨ ਸੱਟ ਲੱਗਣ ਕਾਰਨ ਤਿੰਨ ਹਫ਼ਤਿਆਂ ਤੋਂ ਟੀਮ ’ਚੋਂ ਬਾਹਰ ਸਨ ਪਰ ਉਸ ਨੇ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ।
ਕੋਹਲੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਉਹ (ਇਸ਼ਾਂਤ) ਬਿਲਕੁਲ ਠੀਕ ਦਿਖ ਰਿਹਾ ਸੀ ਅਤੇ ਸੱਟ ਤੋਂ ਪਹਿਲਾਂ ਵਾਂਗ ਗੇਂਦਬਾਜ਼ੀ ਕਰਦਾ ਨਜ਼ਰ ਆਇਆ। ਉਹ ਪਹਿਲਾਂ ਵੀ ਨਿਊਜ਼ੀਲੈਂਡ ’ਚ ਖੇਡ ਚੁੱਕਾ ਹੈ ਉਸਦਾ ਤਜਰਬਾ ਸਾਡੇ ਕੰਮ ਆਵੇਗਾ। ਉਹ ਵਧੀਆ ਗੇਂਦਬਾਜ਼ੀ ਕਰਦਾ ਹੈ ਜਿਸ ਨੂੰ ਦੇਖਣਾ ਸੁਖਦਾਈ ਲੱਗਦਾ ਹੈ।’’ ਕਪਤਾਨ ਕੋਹਲੀ ਨੇ ਕਿਹਾ ਕਿ ਟੀਮ ਪ੍ਰਿਥਵੀ ਸ਼ਾਅ ਦੀ ਕੁਦਰਤੀ ਬੱਲੇਬਾਜ਼ੀ ’ਚ ਬਦਲਾਅ ਨਹੀਂ ਕਰਨਾ ਚਾਹੇਗੀ। ਇਹ ਇਸ ਗੱਲ ਦੇ ਸੰਕੇਤ ਹਨ ਕਿ ਸ਼ੁੱਭਮਨ ਗਿੱਲ ਨੂੰ ਟੀਮ ’ਚ ਬਾਹਰ ਰਹਿਣਾ ਪੈ ਸਕਦਾ ਹੈ। ਕੋਹਲੀ ਨੇ ਕਿਹਾ, ‘ਪ੍ਰਿਥਵੀ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਹੈ ਅਤੇ ਉਸ ਕੋਲ ਖੇਡਣ ਦਾ ਆਪਣਾ ਤਰੀਕਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਕੁਦਰਤੀ ਖੇਡ ਖੇਡਣੀ ਜਾਰੀ ਰੱਖੇ। ਇਨ੍ਹਾਂ ਲੜਕਿਆਂ ’ਤੇ ਬੇਹਤਰ ਪ੍ਰਦਰਸ਼ਨ ਕਰਨ ਦਾ ਕੋਈ ਦਬਾਅ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਜਿਵੇਂ ਮਯੰਕ ਅਗਰਵਾਲ ਆਸਟਰੇਲੀਆ ’ਚ ਵਧੀਆ ਖੇਡਿਆ ਸੀ ਉਸੇ ਤਰ੍ਹਾਂ ਪ੍ਰਿਥਵੀ ਸ਼ਾਅ ਨਿਊਜ਼ੀਲੈਂਡ ’ਚ ਵਧੀਆ ਖੇਡ ਸਕਦਾ ਹੈ।

sant sagar