ਟਰੰਪ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਰੋਕੀ

ਟਰੰਪ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਰੋਕੀ

ਓਵਲ ਦਫ਼ਤਰ ਵਿੱਚ ਜੇਲੈਂਸਕੀ ਨਾਲ ਤਲਖ਼ੀ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਲਿਆ ਫ਼ੈਸਲਾ

ਨਿਊਯਾਰਕ/ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਦੀ ਸਪਲਾਈ ਤੁਰੰਤ ਅਸਥਾਈ ਤੌਰ ’ਤੇ ਰੋਕ ਦਿੱਤੀ ਹੈ। ਟਰੰਪ ਦਾ ਇਹ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਦੇ ਓਵਲ ਦਫ਼ਤਰ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਤਲਖ਼ੀ ਮਗਰੋਂ ਆਇਆ ਹੈ।

‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ ਅਤੇ ਇਹ ਆਦੇਸ਼ ਫੌਰੀ ਲਾਗੂ ਹੋ ਗਿਆ ਹੈ। ਇਸ ਨਾਲ ਇੱਕ ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੌਜੀ ਸਹਾਇਤਾ ਰੋਕਣ ਸਬੰਧੀ ਟਰੰਪ ਦਾ ਫੈਸਲਾ ਅਮਰੀਕੀ ਨੇਤਾ ਅਤੇ ਉਨ੍ਹਾਂ ਦੇ ਕੌਮੀ ਸੁਰੱਖਿਆ ਨਾਲ ਸਬੰਧਤ ਸੀਨੀਅਰ ਸਹਿਯੋਗੀਆਂ ਵਿਚਕਾਰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਵਿੱਚ ਕਈ ਦੌਰ ਦੀਆਂ ਮੀਟਿੰਗਾਂ ਮਗਰੋਂ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ, ਜਦੋਂ ਤੱਕ ਟਰੰਪ ਇਹ ਨਿਰਧਾਰਤ ਨਹੀਂ ਕਰ ਲੈਂਦੇ ਕਿ ਯੂਕਰੇਨ ਨੇ ਰੂਸ ਨਾਲ ਸ਼ਾਂਤੀ ਵਾਰਤਾ ਪ੍ਰਤੀ ਵਚਨਬੱਧ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ, ਰੂਸ ਵੱਲੋਂ 24 ਫਰਵਰੀ 2022 ਨੂੰ ਯੂਕਰੇਨ ’ਤੇ ਹਮਲੇ ਮਗਰੋਂ ਅਮਰੀਕਾ ਨੇ 65.9 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਹੈ ਅਤੇ 2014 ਵਿੱਚ ਰੂਸ ਵੱਲੋਂ ਯੂਕਰੇਨ ’ਤੇ ਸ਼ੁਰੂਆਤੀ ਹਮਲੇ ਮਗਰੋਂ ਲਗਪਗ 69.2 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਯੂਕਰੇਨ ਲਈ ਇਹ ਤਾਜ਼ਾ ਝਟਕਾ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਦੀ ਜ਼ੇਲੈਂਸਕੀ ਨਾਲ ਤਿੱਖੀ ਬਹਿਸ ਤੋਂ ਕੁਝ ਦਿਨ ਮਗਰੋਂ ਸਾਹਮਣੇ ਆਇਆ ਹੈ। -ਪੀਟੀਆਈ

ਟਰੰਪ ਨਾਲ ਹੋਈ ਤਲਖ਼ੀ ‘ਅਫ਼ਸੋਸਨਾਕ’: ਜ਼ੇਲੈਂਸਕੀ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਓਵਲ ਆਫਿਸ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਤਲਖ਼ੀ ਨੂੰ ‘ਅਫਸੋਸਨਾਕ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਹੁਣ ਚੀਜ਼ਾਂ ਠੀਕ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੀ ਇਹ ਟਿੱਪਣੀ ਅਮਰੀਕਾ ਵੱਲੋਂ ਯੂਕਰੇਨ ਨੂੰ ਫੌਜੀ ਸਹਾਇਤਾ ਰੋਕਣ ਐਲਾਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ। 
 

ad