ਨਿਊਯਾਰਕ: ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ’ਚ ਡਿੱਗਿਆ, ਛੇ ਹਲਾਕ

ਨਿਊਯਾਰਕ: ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ’ਚ ਡਿੱਗਿਆ, ਛੇ ਹਲਾਕ

ਹੈਲੀਕਾਪਟਰ ਦੇ ਕੁਝ ਹਿੱਸੇ ਜਰਸੀ ਸਿਟੀ ਤੇ ਨਿਊ ਜਰਸੀ ਦੇ ਕੰਢੇ ਪਾਣੀ ’ਚ ਡਿੱਗੇ

ਨਿਊ ਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਨਿਊਯਾਰਕ ਵਿਚ ਸੈਰ-ਸਪਾਟੇ ਵਾਲੇ ਹੈਲੀਕਾਪਟਰ ਦੇ ਅੱਜ ਉਡਾਨ ਦੌਰਾਨ ਹਵਾ ਵਿਚ ਦੋ ਟੋਟੇ ਹੋ ਗਏ ਤੇ ਉਹ ਹਡਸਨ ਨਦੀ ਵਿਚ ਜਾ ਡਿੱਗਾ। ਹਾਦਸੇ ਵਿਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਪਾਇਲਟ ਤੋਂ ਇਲਾਵਾ ਕੰਪਨੀ ਸੀਮਨਸ ਦੇ ਕਾਰਜਕਾਰੀ ਅਧਿਕਾਰੀ ਅਗਸਟੀਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਮੋਂਟਾਲ ਤੇ ਤਿੰਨ ਬੱਚੇ ਸ਼ਾਮਲ ਹਨ।

ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾਰੀ ਤਸਵੀਰਾਂ ਵਿਚ ਜੋੜਾ ਤੇ ਉਨ੍ਹਾਂ ਦੇ ਬੱਚੇ ਹੈਲੀਕਾਪਟਰ ਵਿਚ ਸਵਾਰ ਹੋਣ ਮੌਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਲਾਸ਼ਾਂ ਪਾਣੀ ’ਚੋਂ ਕੱਢ ਲਈਆਂ ਹਨ।

ਹਾਦਸੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਹੈਲੀਕਾਪਟਰ ਦੇ ਕੁਝ ਹਿੱਸੇ ਹਵਾ ਵਿਚ ਉੱਛਲ ਕੇ ਜਰਸੀ ਸਿਟੀ, ਨਿਊ ਜਰਸੀ ਦੇ ਸਾਹਿਲ ਕੋਲ ਪਾਣੀ ਵਿਚ ਡਿੱਗਦੇ ਦਿਖਾਈ ਦੇ ਰਹੇ ਹਨ। ਪ੍ਰਤੱਖਦਰਸ਼ੀ ਬਰੂਸ ਵਾਲ ਨੇ ਦੱਸਿਆ ਕਿ ਉਸ ਨੇ ਹੈਲੀਕਾਪਟਰ ਨੂੰ ਹਵਾ ਵਿਚ ਦੋਫਾੜ ਹੁੰਦਾ ਦੇਖਿਆ, ਜਿਸ ਵਿਚ ‘ਟੇਲ’ ਤੇ ‘ਪ੍ਰੋਪੈਲਰ’ ਵੱਖ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਦਾ ਸੰਚਾਲਨ ‘ਨਿਊਯਾਰਕ ਹੈਲੀਕਾਪਟਰਜ਼’ ਕਰਦਾ ਹੈ। ਨਿਊਯਾਰਕ ਤੇ ਨਿਊ ਜਰਸੀ ਵਿਚ ਕੰਪਨੀ ਦੇ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਥੋਂ ਕੋਈ ਜਵਾਬ ਨਹੀਂ ਮਿਲਿਆ।

ਕੰਪਨੀ ਦੇ ਮਾਲਿਕ ਮਾਈਕਲ ਰੋਥ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ ਕਿ ਉਹ ਬੇਹੱਦ ਦੁਖੀ ਹਨ ਤੇ ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਹਾਦਸਾ ਕਿਉਂ ਹੋਇਆ। ਸੰਘੀ ਏਵੀਏਸ਼ਨ ਪ੍ਰਸ਼ਾਸਨ ਨੇ ਹੈਲੀਕਾਪਟਰ ਦੀ ਪਛਾਣ ‘ਬੈੱਲ 206’ ਵਜੋਂ ਕੀਤੀ ਹੈ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਜਾਂਚ ਕਰੇਗਾ। 

sant sagar