UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਪੰਜਾਬ ਤੋਂ ਪੜ੍ਹਾਈ ਦੇ ਜ਼ਰੀਏ ਵਿਦੇਸ਼ ਜਾਣ ਵਾਲਿਆਂ ਲਈ, ਜਿਥੇ ਕੈਨੇਡਾ ਸਭ ਤੋਂ ਪਸੰਦੀਦਾ ਦੇਸ਼ ਹੈ, ਉਥੇ ਆਸਟ੍ਰੇਲੀਆ ਤੋਂ ਬਾਅਦ ਹੁਣ ਯੂ.ਕੇ. ਵੀ ਪੰਜਾਬੀ ਵਿਦਿਆਰਥੀਆਂ ਦਾ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਇਹ ਕਰਾਮਾਤ ਯੂ.ਕੇ. ਵੱਲੋਂ ਪੜ੍ਹਾਈ ਤੋਂ ਬਾਅਦ ਦੋ ਸਾਲ ਤੋਂ ਤਿੰਨ ਸਾਲ ਤੱਕ ਦਾ ਵਰਕ ਪਰਮਿਟ ਦੇਣ ਨਾਲ ਹੋਈ ਹੈ, ਉਥੇ ਬ੍ਰੈਕਸਿਟ ਸਮਝੌਤਾ ਟੁੱਟਣ ਬਾਅਦ ਯੂਰਪੀਅਨ ਯੂਨੀਅਨ ਤੋਂ ਤੋੜਾ ਵਿਛੋੜਾ ਇਸ ਪਿੱਛੇ ਵੱਡਾ ਕਾਰਨ ਹੈ। ਰੈੱਡ ਪਾਸਪੋਰਟ ਵਾਲਿਆਂ ਦੀ ਐਂਟਰੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਤੇ ਯੂ.ਕੇ. ਦੀ ਟੇਕ ਹੁਣ ਏਸ਼ੀਅਨ ਦੇਸ਼ਾਂ ਵੱਲ ਹੈ, ਜਿਨ੍ਹਾਂ ‘ਚ ਚੀਨ ਤੇ ਭਾਰਤ ਪ੍ਰਮੁੱਖ ਹਨ। 
ਕੁੰਡਾਬੰਦੀ ਦੌਰਾਨ ਯੂ.ਕੇ. ਦੀਆਂ ਯੂਨੀਵਰਸਿਟੀਆਂ ਦੀ ਹਾਲਤ
ਕੁੰਡਾਬੰਦੀ ਦੌਰਾਨ ਯੂ.ਕੇ. ਦੀਆਂ ਯੂਨੀਵਰਸਿਟੀਆਂ ਦੀ ਹਾਲਤ ਪਤਲੀ ਪੈ ਗਈ ਤਾਂ ਯੂ.ਕੇ. ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬੂਹੇ ਸਪਾਟ ਖੋਲ੍ਹ ਦਿੱਤੇ। ਵੀ.ਐੱਫ.ਐੱਸ. ਕੇਂਦਰ ਅਤੇ ਐਂਟਰੀ ਵੀ ਖੁੱਲ੍ਹ ਗਈ ਤੇ ਚੀਨ ਤੋਂ ਤਾਂ ਜਹਾਜ਼ ਭਰ-ਭਰ ਕੇ ਯੂਨੀਵਰਸਿਟੀਆਂ ਖੁਦ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਗਈਆਂ। ਭਾਰਤੀ ਵਿਦਿਆਰਥੀ ਵੀ ਪਿੱਛੇ ਨਹੀਂ ਹਨ, ਕਿਉਂਕਿ ਭਾਰਤੀ ਵਿਦਿਆਰਥੀਆਂ ਖਾਸ ਕਰ ਪੰਜਾਬੀਆਂ ਦੀ ਤਾਂ ਇਹ ਲਾਟਰੀ ਹੈ। ਜਿਹੜੇ ਵਿਦਿਆਰਥੀ ਆਇਲੈਟਸ ‘ਚੋਂ ਬੈਂਡ ਲੈਣ ‘ਚੋਂ ਖੁੰਝ ਜਾਂਦੇ ਹਨ, ਉਹ ਯੂ.ਕੇ. ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਜੇਕਰ ਆਇਲੈਟਸ ਦੇ ਸਾਰੇ ਮਡਿਊਲਾਂ ‘ਚੋਂ 5.5 ਆ ਜਾਂਦੇ ਹਨ ਤਾਂ ਯੂ.ਕੇ. ਦਾ ਵੀਜ਼ਾ ਸੌਖੇ ਤਰੀਕੇ ਨਾਲ ਹਾਸਿਲ ਹੋ ਜਾਂਦਾ ਹੈ। ਪੀ.ਟੀ.ਈ. ਤੇ ਟੋਆਫਲ ਵਰਗੇ ਟੈਸਟ ਵੀ ਸਵੀਕਾਰ ਕਰ ਲਏ ਜਾਂਦੇ ਹਨ ਪਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਆਇਲੈਟਸ ‘ਚੋਂ ਛੋਟ ਦਿੱਤੀ ਗਈ ਹੈ ਪਰ ਉਸ ਲਈ 12ਵੀਂ ਦੇ ਅੰਗਰੇਜ਼ੀ ਵਿਸ਼ੇ ‘ਚੋਂ ਅੰਕਾਂ ਦੀ ਸ਼ਰਤ ਰੱਖੀ ਗਈ ਹੈ ਅਤੇ 12ਵੀਂ ਜਾਂ ਉਸਤੋਂ ਬਾਅਦ ਵਾਲੀ ਪੜ੍ਹਾਈ ਅੰਗਰੇਜ਼ੀ ਮਾਧਿਅਮ ‘ਚ ਹੋਣੀ ਚਾਹੀਦੀ ਹੈ। ਜਿਥੇ ਆਈਲੈਟਸ ‘ਚੋਂ ਛੋਟ ਦਿੱਤੀ ਗਈ ਹੈ, ਉਥੇ ਯੂਨੀਵਰਸਿਟੀ ਜਾਂ ਅੰਬੈਸੀ ਵੱਲੋਂ ਇੰਟਰਵਿਊ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ। 
ਕਿਵੇਂ ਹੁੰਦੀ ਹੈ ਇੰਟਰਵਿਊ?
ਯੂ.ਕੇ. ਯੂਨੀਵਰਸਿਟੀਆਂ ਦੇ ਅਧਿਕਾਰੀਆਂ ਵੱਲੋਂ ਆਮ ਤੌਰ ‘ਤੇ ਸਕਾਈਪ ਐਪ ਰਾਹੀਂ ਇੰਟਰਵਿਊ ਲਈ ਜਾਂਦੀ ਹੈ, ਜੋ ਅੰਗਰੇਜ਼ੀ ‘ਚ ਹੁੰਦੀ ਹੈ। ਕਈ ਵਾਰ ਸਿੱਧੀ ਫੋਨ ਕਾਲ ਵੀ ਆ ਜਾਂਦੀ ਹੈ। ਇੰਮੀਗਰੇਸ਼ਨ/ਅੰਬੈਸੀ ਅਧਿਕਾਰੀਆਂ ਵੱਲੋਂ ਵੀ ਇੰਟਰਵਿਊ ਲਈ ਜਾ ਸਕਦੀ ਹੈ ਪਰ ਹਰੇਕ ਨੂੰ ਇਹ ਇੰਟਰਵਿਊ ਨਹੀਂ ਦੇਣੀ ਪੈਂਦੀ ਪਰ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਵੱਲੋਂ ਇੰਟਰਵਿਊ ਲੈਣ ਵੇਲੇ ਵਿਦਿਆਰਥੀ ਨੂੰ ਉਸਦੀ ਪੜ੍ਹਾਈ, ਯੂ.ਕੇ. ਯੂਨੀਵਰਸਿਟੀ ਦੇ ਕੋਰਸ ਜਾਂ ਫਿਰ ਫੰਡਾਂ ਆਦਿ ਬਾਰੇ ਸਵਾਲ ਕੀਤੇ ਜਾਂਦੇ ਹਨ। ਤਸੱਲੀ ਹੋਣ ‘ਤੇ ਕੈਸ ਲੈਟਰ ਆ ਜਾਂਦੀ ਹੈ ਅਤੇ ਜੇਕਰ ਤਸੱਲੀ ਨਹੀਂ ਹੁੰਦੀ ਤਾਂ ਰਿਫਿਊਜ਼ਲ ਆ ਜਾਂਦੀ ਹੈ।

ad