ਨਵੇਂ ਸਾਲ ਦੇ ਪਹਿਲੇ ਦਿਨ ਪਿਕਅੱਪ ਟਰੱਕ ਨੇ ਕਈ ਦਰੜੇ, 10 ਹਲਾਕ

ਨਵੇਂ ਸਾਲ ਦੇ ਪਹਿਲੇ ਦਿਨ ਪਿਕਅੱਪ ਟਰੱਕ ਨੇ ਕਈ ਦਰੜੇ, 10 ਹਲਾਕ

ਨਿਊ ਓਰਲੀਅਨਜ਼,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਵਿੱਚ ਨਵੇਂ ਸਾਲ ਦੇ ਪਹਿਲੇ ਕੁਝ ਘੰਟਿਆਂ ਵਿੱਚ ਨਿਊ ਓਰਲੀਅਨਜ਼ ਵਿੱਚ ਕੈਨਾਲ ਤੇ ਬੌਰਬਨ ਸਟ੍ਰੀਟ ਨਾਮ ਦੀ ਸੜਕ ’ਤੇ ਅੱਜ ਇਕ ਪਿਕਅੱਪ ਟਰੱਕ ਦੇ ਭੀੜ ਵਿੱਚ ਵੜਨ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਉੱਧਰ, ਨਿਊ ਓਰਲੀਅਨਜ਼ ਦੀ ਮੇਅਰ ਲਾਟੋਇਆ ਕੇਂਟਰੈਲ ਨੇ ਇਸ ਘਟਨਾ ਨੂੰ ‘ਅਤਿਵਾਦੀ ਹਮਲਾ’ ਕਰਾਰ ਦਿੱਤਾ ਹੈ। ਇਹ ਘਟਨਾ ਤੜਕੇ 3.15 ਵਜੇ ਬੌਰਬਨ ਸਟ੍ਰੀਟ ਨੇੜੇ ਵਾਪਰੀ ਜਿਸ ਨੂੰ ਕਿ ਨਵੇਂ ਸਾਲ ਦੀਆਂ ਪਾਰਟੀਆਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਘਟਨਾ ਸ਼ਹਿਰ ਦੇ ਕੈਸਰ ਸੁਪਰਡੋਮ ਵਿੱਚ ਹੋ ਰਹੇ ਸ਼ੂਗਰ ਬਾਊਲ ਕਾਲਜ ਫੁਟਬਾਲ ਦੇ ਕੁਆਰਟਰ ਫਾਈਨਲ ਆਲਸਟੇਟ ਬਾਊਲ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਵਾਪਰੀ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦੀ ਆਸ ਸੀ।

ਘਟਨਾ ਦੇ ਸ਼ੱਕੀ ਦੀ ਪੁਲੀਸ ਮੁਕਾਬਲੇ ’ਚ ਮੌਤ
ਅਮਰੀਕਾ ਦੇ ਨਿਊ ਓਰਲੀਅਨਜ਼ ਵਿੱਚ ਲੋਕਾਂ ਨੂੰ ਪਿਕਅੱਪ ਟਰੱਕ ਨਾਲ ਦਰੜਨ ਤੇ ਗੋਲੀਬਾਰੀ ਕਰਨ ਦਾ ਸ਼ੱਕੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਇਹ ਜਾਣਕਾਰੀ ਦਿੱਤੀ। ਕੁਝ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਜਾਂਚ ਦੇ ਵੇਰਵੇ ਦੇਣ ਲਈ ਅਧਿਕਾਰਤ ਨਹੀਂ ਹਨ।

ad