ਨਾਇਜੀਰੀਆ: ਸਕੂਲ ’ਚ ਅੱਗ ਲੱਗਣ ਕਾਰਨ 17 ਬੱਚਿਆਂ ਦੀ ਮੌਤ

ਅਬੂਜਾ (ਨਾਇਜੀਰੀਆ),(ਇੰਡੋ ਕਨੇਡੀਅਨ ਟਾਇਮਜ਼)- ਨਾਇਜੀਰੀਆ ਦੇ ਉੱਤਰ-ਪੱਛਮੀ ਇਲਾਕੇ ਵਿੱਚ ਇਸਲਾਮਿਕ ਸਕੂਲ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 17 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੌਮੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਜ਼ਮਫਾਰਾ ਸੂਬੇ ਦੇ ਕੌੜਾ ਨਾਮੋਦਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਜਦੋਂ ਅੱਗ ਲੱਗੀ ਤਾਂ ਸਕੂਲ ’ਚ ਕਰੀਬ 100 ਬੱਚੇ ਮੌਜੂਦ ਸਨ। ਏਜੰਸੀ ਨੇ ਦੱਸਿਆ ਕਿ 17 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਕੂਲਾਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਪਿਛਲੇ ਮਹੀਨੇ ਵੀ ਅਬੂਜਾ ਦੇ ਸਕੂਲ ਵਿੱਚ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।