ਰਵਾਇਤੀ ਪਾਰਟੀਆਂ ਦੀ ਥਾਂ ‘ਆਪ’ ਨੂੰ ਮੌਕਾ ਦੇਣਗੇ ਲੋਕ: ਚੱਢਾ

ਰਵਾਇਤੀ ਪਾਰਟੀਆਂ ਦੀ ਥਾਂ ‘ਆਪ’ ਨੂੰ ਮੌਕਾ ਦੇਣਗੇ ਲੋਕ: ਚੱਢਾ

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਅੱਜ ਪੂਰਬੀ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਜੀਵਨਜੋਤ ਕੌਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਕਿਹਾ ਕਿ ਇੱਥੋਂ ਚੋਣ ਲੜ ਰਹੇ ਰਵਾਇਤੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਰੱਦ ਕਰ ਦੇਣਗੇ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਤਕਰੀਬਨ ਦੋ ਦਹਾਕਿਆਂ ਤੋਂ ਕਦੇ ਸੰਸਦ ਮੈਂਬਰ ਅਤੇ ਕਦੇ ਮੰਤਰੀ ਤੇ ਵਿਧਾਇਕ ਵਜੋਂ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਪਰ ਉਹ ਕਦੇ ਵੀ ਲੋਕਾਂ ਦੇ ਕੰਮ ਨਹੀਂ ਆਏ। ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਲੋਕਾਂ ਦੀ ਕੀ ਸੇਵਾ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਲੋੜ ਪਈ ਤਾਂ ਇਹ ਦੋਵੇਂ ਹੀ ਉਮੀਦਵਾਰ ਕਦੇ ਮਦਦ ਲਈ ਨਹੀਂ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਆਮ ਲੋਕਾਂ ਦੇ ਕੰਮ ‘ਆਪ’ ਉਮੀਦਵਾਰ ਜੀਵਨਜੋਤ ਕੌਰ ਵੱਲੋਂ ਹੀ ਕਰਵਾਏ ਜਾਣਗੇ ਜੋ ਸਾਧਾਰਨ ਪਰਿਵਾਰ ਵਿਚੋਂ ਹੈ ਅਤੇ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਤੇ ਉਨ੍ਹਾਂ ਦੇ ਸਿਆਸਤਦਾਨਾਂ ਦੇ ਚੱਕਰਾਂ ਵਿਚ ਨਾ ਪੈਣ ਸਗੋਂ ਅਜਿਹੇ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣਨ ਜੋ ਪੰਜ ਸਾਲ ਉਨ੍ਹਾਂ ਨਾਲ ਰਹੇ ਅਤੇ ਕੰਮ ਆਵੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸਰਵੇਖਣ ਦਸ ਰਹੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ‘ਆਪ’ ਉਮੀਦਵਾਰ ਜੀਵਨਜੋਤ ਕੌਰ ਨੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਕੋਲ ਮੁੱਖ ਮੰਤਰੀ ਚਿਹਰੇ ਵਜੋਂ ਦੋ ਹੀ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਇਕ ਵਿਅਕਤੀ ਅਜਿਹਾ ਹੈ, ਜਿਸ ਦੇ ਰਿਸ਼ਤੇਦਾਰ ’ਤੇ 111 ਦਿਨਾਂ ਦੇ ਕਾਰਜਕਾਲ ਦੌਰਾਨ 11 ਕਰੋੜ ਰੁਪਏ ਨਕਦ ਅਤੇ ਕਈ ਲੱਖ ਰੁਪਏ ਦਾ ਸੋਨਾ ਰੇਤ ਚੋਰੀ ਤੋਂ ਬਣਾਉਣ ਦੇ ਦੋਸ਼ ਲੱਗੇ ਹਨ। ਦੂਜਾ ਵਿਅਕਤੀ ਅਜਿਹਾ ਹੈ ਜਿਸ ’ਤੇ ਹਾਲ ਹੀ ਵਿਚ ਗੰਭੀਰ ਪਰਿਵਾਰਕ ਦੋਸ਼ ਲੱਗੇ ਹਨ।

ad