ਦੋਆਬੇ ਦੀ ਓਲੰਪਿਕਸ ਪੁਰੇਵਾਲ ਖੇਡਾਂ 4 ਤੇ 5 ਮਾਰਚ ਨੂੰ
ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲੇਗਾ ਖੇਡ ਰਤਨ ਐਵਾਰਡ
ਉੱਭਰਦੇ ਅਥਲੀਟ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਨੂੰ ਕੀਤਾ ਜਾਵੇਗਾ ਸਨਮਾਨਤ
ਹਕੀਮਪੁਰ (ਨਵਾਂਸਹਿਰ),
ਪੰਜਾਬ ਦੀ ਮਿੰਨੀ ਓਲੰਪਿਕ ਅਤੇ ਦੋਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ ਵਿਖੇ 4 ਤੇ 5 ਮਾਰਚ ਨੂੰ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕੌਮਾਂਤਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਮਲਕੀਤ ਸਿੰਘ ਪੁਰੇਵਾਲ ਨੂੰ ਸਮਰਪਿਤ ਪੁਰੇਵਾਲ ਖੇਡਾਂ ਦੌਰਾਨ ਕਬੱਡੀ ਦੀਆਂ ਚੋਟੀ ਦੀਆਂ ਅਕੈਡਮੀਆਂ ਅਤੇ ਦੇਸ਼-ਵਿਦੇਸ਼ ਦੇ ਨਾਮੀਂ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲਿਆਂ ਤੋਂ ਇਲਾਵਾ ਰਵਾਇਤੀ, ਆਧੁਨਿਕ ਤੇ ਵਿਰਾਸਤੀ ਖੇਡਾਂ ਦੇ ਨਾਲ ਘੋੜਸਵਾਰਾਂ ਦੀ ਨੇਜਾਬਾਜ਼ੀ ਖਿੱਚ ਦਾ ਕੇਂਦਰ ਹੋਵੇਗੀ।
ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ 5 ਮਾਰਚ ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਮਰ ਭਰ ਦੀਆਂ ਸਿੱਖਿਆ, ਸਾਹਿਤ, ਸਿਹਤ ਤੇ ਖੇਡ ਸੇਵਾਵਾਂ ਲਈ 'ਖੇਡ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਿੰਸੀਪਲ ਸਰਵਣ ਸਿੰਘ ਨੂੰ ਖੇਡ ਰਤਨ ਐਵਾਰਡ ਵਿੱਚ ਸਨਮਾਨ ਪਲੇਕ, ਗੋਲ਼ਡ ਮੈਡਲ, ਦਸਤਾਰ, ਕੰਬਲੀ ਤੇ 5 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ।ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ।ਉਨ੍ਹਾਂ ਦੀਆਂ ਪੰਜਾਹ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਉਹ ਖ਼ੁਦ ਖਿਡਾਰੀ, ਕੋਚ, ਖੇਡ ਜੱਜ, ਖੇਡ ਪ੍ਰਬੰਧਕ, ਖੇਡ ਪ੍ਰਮੋਟਰ, ਖੇਡ ਬੁਲਾਰੇ, ਖੇਡ ਪੱਤਰਕਾਰ, ਸ਼੍ਰੋਮਣੀ ਪੰਜਾਬੀ ਲੇਖਕ, ਪੰਜਾਬੀ ਦੇ ਪ੍ਰੋਫ਼ੈਸਰ, ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ, ਸਿੰਡਕ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹੇ।
ਗੁਰਜੀਤ ਸਿੰਘ ਪੁਰੇਵਾਲ ਨੇ ਅੱਗੇ ਦੱਸਿਆ ਕਿ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਸਿੰਘ ਨੂੰ ਸਵਰਗੀ ਗੁਰਿੰਦਰਜੀਤ ਸਿੰਘ ਲਿਧੜ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਐਵਾਰਡ ਵਿੱਚ ਯਾਦਗਾਰੀ ਟਰਾਫੀ, ਸ਼ਾਲ ਤੇ 31 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੋਵੇਗੀ।ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 35 ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਮੰਜੂ ਰਾਣੀ ਨੂੰ ਵੀ ਮਾਤਾ ਸੁਰਜੀਤ ਕੌਰ ਪੁਰੇਵਾਲ ਐਵਾਰਡ ਨਾਲ ਸਨਮਾਨਿਆ ਜਾਵੇਗਾ। ਇਸ ਐਵਾਰਡ ਵਿੱਚ ਵੀ ਟਰਾਫੀ, ਸ਼ਾਲ ਤੇ 31 ਹਜ਼ਾਰ ਦੀ ਰਾਸ਼ੀ ਹੋਵੇਗੀ ਜੋ 5 ਮਾਰਚ ਨੂੰ ਬਾਅਦ ਦੁਪਹਿਰ ਭੇਟ ਕੀਤੀ ਜਾਵੇਗੀ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)