ਟੁੱਟ ਗਈ ਸਾਜਿਦ-ਵਾਜਿਦ ਦੀ ਮਸ਼ਹੂਰ ਜੋੜੀ, ਜਾਣੋ ਸ਼ੁਰੂਆਤੀ ਸਫਰ ਬਾਰੇ

ਟੁੱਟ ਗਈ ਸਾਜਿਦ-ਵਾਜਿਦ ਦੀ ਮਸ਼ਹੂਰ ਜੋੜੀ, ਜਾਣੋ ਸ਼ੁਰੂਆਤੀ ਸਫਰ ਬਾਰੇ

ਮੁੰਬਈ- ਸਾਲ 2020 ਬਾਲੀਵੁੱਡ ਇੰਡਸਟਰੀ ਲਈ ਕਾਫੀ ਮਾੜਾ ਸਾਬਿਤ ਹੋ ਰਿਹਾ ਹੈ। ਜਿੱਥੇ ਇਕ ਪਾਸੇ ਤਾਲਾਬੰਦੀ ਕਾਰਨ ਇੰਡਸਟਰੀ ਬੰਦ ਪਈ ਹੈ, ਉਥੇ ਹੀ ਦੂਜੇ ਪਾਸੇ ਕਈ ਦਿੱਗਜ ਸਿਤਾਰੇ ਇਕ-ਇਕ ਕਰਕੇ ਦੁਨੀਆ ਤੋਂ ਰੁਖਸਤ ਹੋ ਗਏ। ਹੁਣ ਫਿਲਮ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਵਾਜਿਦ ਖਾਨ ਦਾ ਕੋਰੋਨਾ ਵਾਇਰਸ ਦੇ ਚਲਦਿਆ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਦੋੜ ਪਈ ਹੈ। ਵਾਜਿਦ ਦੇ ਦਿਹਾਂਤ ਦਾ ਕਾਰਨ ਉਨ੍ਹਾਂ ਦੀ ਕਿਡਨੀ ’ਚ ਸਮੱਸਿਆ ਦੱਸੀ ਜਾ ਰਹੀ ਹੈ। ਉਨ੍ਹਾ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਵਾਜਿਦ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਉਸ ਦੀ ਕਿਡਨੀ ਲਗਭਗ 6 ਮਹੀਨੇ ਪਹਿਲਾਂ ਟ੍ਰਾਂਸਪਲਾਂਟ ਕੀਤੀ ਗਈ ਸੀ। ਉਦੋਂ ਤੋਂ ਉਸ ਦੀ ਇਮਿਊਨਿਟੀ ‘ਚ ਭਾਰੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਵਾਜਿਦ ਨੂੰ ਕਿਡਨੀ ਅਤੇ ਗਲੇ ਦੀ ਇਨਫੈਕਸ਼ਨ ਕਾਰਨ ਵਾਜਿਦ ਨੂੰ ਇਕ ਹਫ਼ਤਾ ਪਹਿਲਾਂ ਮੁੰਬਈ ਦੇ ਚੈਂਬੁਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਵਾਜਿਦ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਇਕ ਬਹੁਤ ਹੀ ਹੱਸਮੁੱਖ ਇਨਸਾਨ ਸਨ। ਵਾਜਿਦ ਇਕ ਸੰਗੀਤ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਮਸ਼ਹੂਰ ਤਬਲਾ ਵਾਦਕ ਉਸਤਾਦ ਸ਼ਰਾਫਤ ਖਾਨ ਸਨ। ਸਾਜਿਦ-ਵਾਜਿਦ ਸਹਾਰਨਪੁਰ, ਉੱਤਰਪ੍ਰਦੇਸ਼ ਦੇ ਰਹਿਣ ਵਾਲੇ ਸਨ। ਵਾਜਿਦ ਖਾਨ ਆਪਣੇ ਭਰਾ ਸਾਜਿਦ ਖਾਨ ਨਾਲ ਮਿਲ ਕੇ ਫਿਲਮਾਂ ਵਿਚ ਸੰਗੀਤ ਦਿੰਦੇ ਸਨ। ਦੋਵਾਂ ਭਰਾਵਾਂ ਦੀ ਜੋੜੀ ਬਾਲੀਵੁੱਡ ਵਿਚ ਸਾਜਿਦ- ਵਾਜਿਦ ਦੇ ਨਾਂ ਨਾਲ ਜਾਣੀ ਜਾਂਦੀ ਸੀ। ਵਾਜਿਦ ਖਾਨ ਆਪਣੇ ਭਰਾ ਸਾਜਿਦ ਖਾਨ ਨਾਲ ਮਿਲ ਕੇ ਫਿਲਮਾਂ ਵਿਚ ਸੰਗੀਤ ਦਿੰਦੇ ਸਨ। 
ਸਾਜਿਦ- ਵਾਜਿਦ ਨੇ ਸਭ ਤੋਂ ਪਹਿਲਾਂ 1998 ਵਿਚ ਸਲਮਾਨ ਖਾਨ ਦੀ ਫਿਲਮ ‘ਪਿਆਰ ਕੀਆ ਤੋਂ ਡਰਨਾ ਕਿਆ’ ਲਈ ਸੰਗੀਤ ਦਿੱਤਾ। 1999 ਵਿਚ,  ਉਨ੍ਹਾਂ ਨੇ ਸੋਨੂੰ ਨਿਗਮ ਦੀ ਐੱਲਬਮ ‘ਦੀਵਾਨਾ’ ਲਈ ਸੰਗੀਤ ਦਿੱਤਾ, ਜਿਸ ਵਿਚ ‘ਦੀਵਾਨਾ ਤੇਰਾ’, ‘ਅਬ ਮੁਝੇ ਰਾਤ ਦਿਨ’ ਅਤੇ ‘ਇਸ ਕਦਰ ਪਿਆਰ ਹੈ’ ਵਰਗੇ ਗੀਤ ਸ਼ਾਮਿਲ ਸਨ। ਉਸੇ ਸਾਲ ਉਨ੍ਹਾਂ ਨੇ ਫਿਲਮ ‘ਹੈਲੋ ਬ੍ਰਦਰ’ ਲਈ ਸੰਗੀਤ ਨਿਰਦੇਸ਼ਕਾਂ ਦੇ ਰੂਪ ਵਿਚ ਕੰਮ ਕੀਤਾ ਅਤੇ ‘ਹਟਾ ਸਾਵਣ ਕੀ ਘਟਾ’, ‘ਚੁਪਕੇ ਸੇ ਕੋਈ ’ਅਤੇ ‘ਹੈਲੋ ਬ੍ਰਦਰ’ ਵਰਗੇ ਗੀਤਾਂ ਵਿਚ ਸੰਗੀਤ ਦਿੱਤਾ।
ਸਾਜਿਦ- ਵਾਜਿਦ ਨੇ ‘ਕਿਆ ਯੇਹੀ ਪਿਆਰ ਹੈ’, ‘ਗੁਨਾਹ’, ‘ਚੋਰੀ ਚੋਰੀ’, ‘ਦਿ ਕਿਲਰ’, ‘ਸ਼ਾਹੀ ਕਰਕੇ ਫਸ ਗਿਆ ਯਾਰ’ ਅਤੇ ‘ਕੱਲ ਕਿਸਨੇ ਦੇਖਾ ਹੈ’ ਵਰਗੀ ਫਿਲਮਾਂ ਵਿਚ ਵੀ ਸੰਗੀਤ ਦਿੱਤਾ। ਇਨ੍ਹਾਂ ਸਾਰੀਆਂ ਫਿਲਮਾਂ ਦੇ ਸੰਗੀਤ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।
ਸਾਜਿਦ- ਵਾਜਿਦ ਨੇ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਸਿੰਗਿੰਗ ਸੁਪਰਸਟਾਰ’, ‘ਸਾ ਰੇ ਗਾ ਮਾ ਪਾ 2012’, ‘ਬਿੱਗ ਬੌਸ ਸੀਜ਼ਨ 4’ ਅਤੇ ‘ਬਿੱਗ ਬੌਸ 6’ ਲਈ ਟਾਇਟਲ ਟਰੈਕ ਵੀ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈਪੀਐੱਲ ਦੇ ਚੌਥੇ ਸੀਜ਼ਨ ਦੇ ਥੀਮ ਮਿਊਜ਼ਿਕ ‘ਧੂੰਮ ਧੂੰਮ ਧੂੰਮ ਧੜਾਕਾ’ ਨੂੰ ਵੀ ਤਿਆਰ ਕੀਤਾ ਸੀ। ਇਸ ਦੇ ਟਾਇਟਲ ਟਰੈਕ ਨੂੰ ਵਾਜਿਦ ਖਾਨ ਨੇ ਗਾਇਆ ਸੀ।

ad