ਦੁਨੀਆ ਦਾ ਭਵਿੱਖ ਤੈਅ ਕਰੇਗਾ ਦੱਖਣ-ਪੂਰਬੀ ਏਸ਼ੀਆ: ਹੈਰਿਸ

ਦੁਨੀਆ ਦਾ ਭਵਿੱਖ ਤੈਅ ਕਰੇਗਾ ਦੱਖਣ-ਪੂਰਬੀ ਏਸ਼ੀਆ: ਹੈਰਿਸ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੱਖਣ-ਪੂਰਬੀ ਏਸ਼ੀਆ ਤੇ ਹਿੰਦ-ਪ੍ਰਸ਼ਾਂਤ ਖੇਤਰ ਦੁਨੀਆ ਦਾ ਭਵਿੱਖ ਤੈਅ ਕਰਨਗੇ। ਦੱਖਣ ਪੂਰਬੀ ਏਸ਼ੀਆ ਦੇ ਨਾਲ ਅਮਰੀਕਾ ਦੀ ਭਾਈਵਾਲੀ ਵਧਾਉਣ ਦੇ ਮੰਤਵ ਨਾਲ ਹੈਰਿਸ ਇਸ ਖੇਤਰ ਦੀ ਯਾਤਰਾ ਉਤੇ ਹੈ। ਲੀ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਹੈਰਿਸ ਨੇ ਕਿਹਾ ਕਿ ਅਮਰੀਕਾ ਨੇ ਸਿੰਗਾਪੁਰ ਤੇ ਦੱਖਣ-ਪੂਰਬੀ ਏਸ਼ੀਆ ਦੇ ਨਾਲ ਜੋ ਸਮਝੌਤੇ ਕੀਤੇ ਹਨ ਉਹ ਦੁਨੀਆ ਭਰ ਵਿਚ ਉਸ ਦੀ ਤਾਕਤ ਤੇ ਸਥਾਈ ਸਬੰਧਾਂ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਅਜਿਹੀਆਂ ਤਰਜੀਹਾਂ ਨਹੀਂ ਹਨ ਜਿਨ੍ਹਾਂ ਦਾ ਸਬੰਧ ਅਮਰੀਕਾ ਦੇ ਸੁਰੱਖਿਆ ਤੇ ਆਰਥਿਕ ਹਿੱਤਾਂ ਨਾਲ ਹੈ ਬਲਕਿ ਉਨ੍ਹਾਂ ਦਾ ਸਬੰਧ ਉਨ੍ਹਾਂ ਚੁਣੌਤੀਆਂ ਨਾਲ ਵੀ ਹੈ ਜਿਨ੍ਹਾਂ ਨਾਲ ਦੁਨੀਆ ਜੂਝ ਰਹੀ ਹੈ ਜਿਵੇਂ ਕਿ ਮਹਾਮਾਰੀਆਂ। ਅਜਿਹੇ ਵਿਚ ਇਨ੍ਹਾਂ ਦੇਸ਼ਾਂ ਨਾਲ ਮਿਲ ਕੇ ਖੋਜ ਕੀਤੀ ਜਾ ਸਕਦੀ ਹੈ ਤੇ ਮਹਾਮਾਰੀਆਂ ਨੂੰ ਰੋਕਣ ਲਈ ਕਦਮ ਚੁੱਕੇ ਜਾ ਸਕਦੇ ਹਨ। ਉਪ ਰਾਸ਼ਟਰਪਤੀ ਐਤਵਾਰ ਇੱਥੇ ਪੁੱਜੀ ਸੀ ਤੇ ਸਿੰਗਾਪੁਰ ਦੇ ਰਾਸ਼ਟਰਪਤੀ ਮਹਿਲ ‘ਇਸਤਾਨਾ’ ਵਿਚ ਅੱਜ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਹੈਰਿਸ ਦੀ ਸਿੰਗਾਪੁਰ ਯਾਤਰਾ ਦੱਖਣ-ਪੂਰਬੀ ਏਸ਼ੀਆ ਵਿਚ ਬਾਇਡਨ ਪ੍ਰਸ਼ਾਸਨ ਦੀ ਹਮਲਾਵਰ ਕੂਟਨੀਤੀ ਦਾ ਹਿੱਸਾ ਹੈ ਕਿਉਂਕਿ ਇਹ ਇਕ ਅਜਿਹਾ ਖੇਤਰ ਹੈ ਜਿਸ ਵਿਚ ਚੀਨ ਦੀ ਵਧਦੀ ਹਮਲਾਵਰ ਗਤੀਵਿਧੀ ਦੌਰਾਨ ਅਮਰੀਕਾ ਦੇ ਹਿੱਤ ਪ੍ਰਭਾਵਿਤ ਹੋ ਸਕਦੇ ਹਨ। ਪ੍ਰਧਾਨ ਮੰਤਰੀ ਲੀ ਨੇ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਜਿਵੇਂ ਕਿ ਅਤਿਵਾਦ, ਸਾਈਬਰ ਸੁਰੱਖਿਆ ਤੇ ਗ਼ੈਰਕਾਨੂੰਨੀ ਪ੍ਰਵਾਸ ਆਦਿ ’ਤੇ ਸਹਿਯੋਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 1990 ਵਿਚ ਹੋਏ ਇਕ ਸਮਝੌਤੇ ਤਹਿਤ ਅਮਰੀਕਾ ਸਿੰਗਾਪੁਰ ਦੇ ਜਲ ਸੈਨਾ ਤੇ ਹਵਾਈ ਸੈਨਾ ਟਿਕਾਣਿਆਂ ਦਾ ਇਸਤੇਮਾਲ ਕਰਦਾ ਰਿਹਾ ਹੈ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਦੇ ਮੁੱਦੇ ਉਤੇ ਵੀ ਅਮਰੀਕਾ ਤੇ ਸਿੰਗਾਪੁਰ ਸਹਿਯੋਗ ਕਰ ਰਹੇ ਹਨ। 

ad