ਇਜ਼ਰਾਈਲ ਵੱਲੋਂ ਗਾਜ਼ਾ ’ਤੇ ਮੁੜ ਹਮਲਾ, 85 ਫਲਸਤੀਨੀ ਹਲਾਕ

ਇਜ਼ਰਾਈਲ ਵੱਲੋਂ ਗਾਜ਼ਾ ’ਤੇ ਮੁੜ ਹਮਲਾ, 85 ਫਲਸਤੀਨੀ ਹਲਾਕ

ਕਈ ਘਰਾਂ ਨੂੰ ਬਣਾਇਆ ਗਿਆ ਨਿਸ਼ਾਨਾ; ਮ੍ਰਿਤਕਾਂ ’ਚ ਬੱਚੇ ਅਤੇ ਔਰਤਾਂ ਵੀ ਸ਼ਾਮਲ

ਦੀਰ-ਅਲ-ਬਲਾਹ,(ਇੰਡੋ ਕਨੇਡੀਅਨ ਟਾਇਮਜ਼)-ਇਜ਼ਰਾਈਲ ਵੱਲੋਂ ਬੀਤੀ ਰਾਤ ਗਾਜ਼ਾ ਪੱਟੀ ’ਚ ਕਈ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਦੌਰਾਨ 85 ਵਿਅਕਤੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਮੰਤਰਾਲੇ ਦੇ ਅਧਿਕਾਰੀ ਜ਼ਾਹੇਰ ਅਲ-ਵਾਹਿਦੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਜੰਗਬੰਦੀ ਸਮਝੌਤਾ ਖ਼ਤਮ ਕੀਤੇ ਜਾਣ ਮਗਰੋਂ ਮੰਗਲਵਾਰ ਤੋਂ ਲੈ ਕੇ ਹੁਣ ਤੱਕ 592 ਫਲਸਤੀਨੀ ਮਾਰੇ ਜਾ ਚੁੱਕੇ ਹਨ। ਹਮਾਸ ਵੱਲੋਂ ਜਵਾਬ ’ਚ ਰਾਕੇਟ ਦਾਗ਼ਣ ਜਾਂ ਹੋਰ ਹਮਲੇ ਕਰਨ ਦੀ ਕੋਈ ਰਿਪੋਰਟ ਨਹੀਂ ਹੈ। ਇਜ਼ਰਾਇਲੀ ਸਰਹੱਦ ਨੇੜੇ ਖ਼ਾਨ ਯੂਨਿਸ ਦੇ ਬਾਹਰਵਾਰ ਪੈਂਦੇ ਪਿੰਡ ਅਬਾਸਾ ਅਲ-ਕਬੀਰਾ ’ਚ ਅਬੂ ਦਾਕਾ ਦੇ ਘਰ ’ਤੇ ਅੱਜ ਤੜਕੇ ਹਮਲਾ ਕੀਤਾ ਗਿਆ। ਯੂਰੋਪੀਅਨ ਹਸਪਤਾਲ ਮੁਤਾਬਕ ਹਮਲੇ ’ਚ 16 ਵਿਅਕਤੀ ਮਾਰੇ ਗਏ ਹਨ। ਇਜ਼ਰਾਇਲੀ ਫੌਜ ਨੇ ਬੁੱਧਵਾਰ ਨੂੰ ਮੁੜ ਗਾਜ਼ਾ ਵੱਲ ਚਾਲੇ ਪਾਏ ਸਨ। ਇਜ਼ਰਾਈਲ ਨੇ ਗਾਜ਼ਾ ਦੀ ਮਾਨਵੀ ਸਹਾਇਤਾ ਦੀ ਸਪਲਾਈ ਕੱਟ ਦਿੱਤੀ ਹੈ ਅਤੇ ਅਹਿਦ ਲਿਆ ਹੈ ਕਿ ਹਮਾਸ ਵੱਲੋਂ 59 ਬੰਦੀਆਂ ਨੂੰ ਰਿਹਾਅ ਕਰਨ ਤੱਕ ਉਹ ਹਮਲੇ ਜਾਰੀ ਰਖੇਗਾ। ਟਰੰਪ ਪ੍ਰਸ਼ਾਸਨ ਨੇ ਤਾਜ਼ਾ ਹਮਲਿਆਂ ਲਈ ਇਜ਼ਰਾਈਲ ਦਾ ਪੱਖ ਪੂਰਿਆ ਹੈ। ਹਮਾਸ ਨੇ ਕਿਹਾ ਕਿ ਉਹ ਪੱਕੀ ਜੰਗਬੰਦੀ ਅਤੇ ਗਾਜ਼ਾ ਤੋਂ ਇਜ਼ਰਾਇਲੀ ਫੌਜ ਦੀ ਮੁਕੰਮਲ ਵਾਪਸੀ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕਰੇਗਾ। 

ad