ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ 26 ਫਲਸਤੀਨੀ ਹਲਾਕ

ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ 26 ਫਲਸਤੀਨੀ ਹਲਾਕ

ਮਰਨ ਵਾਲਿਆਂ ਵਿੱਚ ਹਮਾਸ ਦਾ ਸਿਆਸੀ ਆਗੂ, ਔਰਤਾਂ ਤੇ ਬੱਚੇ ਵੀ ਸ਼ਾਮਲ

ਦੀਰ ਅਲ-ਬਲਾਹ (ਗਾਜ਼ਾ ਪੱਟੀ),(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਗਾਜ਼ਾ ਪੱਟੀ ਵਿੱਚ ਅੱਜ ਸਾਰੀ ਰਾਤ ਹੋਏ ਇਜ਼ਰਾਇਲੀ ਹਮਲਿਆਂ ਵਿੱਚ ਹਮਾਸ ਦੇ ਇਕ ਵੱਡੇ ਨੇਤਾ ਸਣੇ ਘੱਟੋ-ਘੱਟ 26 ਫਲਸਤੀਨੀ ਮਾਰੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਦਰਮਿਆਨ, ਯਮਨ ਵਿੱਚ ਇਰਾਨ ਦਾ ਸਮਰਥਨ ਪ੍ਰਾਪਤ ਵਿਦਰੋਹੀਆਂ ਨੇ ਇਜ਼ਰਾਈਲ ’ਤੇ ਇਕ ਹੋਰ ਮਿਜ਼ਾਈਲ ਦਾਗੀ, ਜਿਸ ਨਾਲ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਇਜ਼ਰਾਇਲੀ ਫੌਜ ਨੇ ਕਿਹਾ ਕਿ ਮਿਜ਼ਾਈਲ ਨੂੰ ਰਸਤੇ ਵਿੱਚ ਹੀ ਮਾਰ ਕੇ ਡੇਗ ਦਿੱਤਾ ਗਿਆ ਅਤੇ ਇਸ ਨਾਲ ਜਾਨ-ਮਾਲ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਖਣੀ ਗਾਜ਼ਾ ਦੇ ਦੋ ਹਸਪਤਾਲਾਂ ਨੇ ਦੱਸਿਆ ਕਿ ਸਾਰੀ ਰਾਤ ਹੋਏ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਤੇ ਔਰਤਾਂ ਸਣੇ 24 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ’ਚ ਲਿਆਂਦੀਆਂ ਗਈਆਂ ਹਨ।

ਹਮਾਸ ਨੇ ਦੱਸਿਆ ਕਿ ਖਾਨ ਯੂਨਿਸ ਨੇੜੇ ਹੋਏ ਹਮਲੇ ਵਿੱਚ ਉਸ ਦੇ ਸਿਆਸੀ ਬਿਊਰੋ ਅਤੇ ਫਲਸਤੀਨੀ ਸੰਸਦ ਮੈਂਬਰ ਸਲਾਹ ਬਰਦਾਵਿਲ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਬਰਦਾਵਿਲ ਹਮਾਸ ਦੀ ਸਿਆਸੀ ਸ਼ਾਖਾ ਦਾ ਮੰਨਿਆ ਪ੍ਰਮੰਨਿਆ ਮੈਂਬਰ ਸੀ। ਹਸਪਤਾਲਾਂ ਵੱਲੋਂ ਜਾਰੀ ਕੀਤੀ ਗਈ ਮ੍ਰਿਤਕਾਂ ਦੀ ਗਿਣਤੀ ਵਿੱਚ ਹਮਾਸ ਦੇ ਨੇਤਾ ਅਤੇ ਉਸ ਦੀ ਪਤਨੀ ਦਾ ਨਾਮ ਸ਼ਾਮਲ ਨਹੀਂ ਹੈ। -ਏਪੀ

ਇਜ਼ਰਾਈਲ-ਹਮਾਸ ਜੰਗ ਵਿੱਚ ਫਲਸਤੀਨੀ ਮ੍ਰਿਤਕਾਂ ਦੀ ਗਿਣਤੀ 50,000 ਤੋਂ ਟੱਪੀ
ਦੀਰ ਅਲ-ਬਲਾਹ : ਗਾਜ਼ਾ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਜੰਗ ਵਿੱਚ 50,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਜੰਗ ਵਿੱਚ ਹੁਣ ਤੱਕ 1,13,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਸਾਂਝੀ ਕੀਤੀ ਗਈ ਇਸ ਜਾਣਕਾਰੀ ਵਿੱਚ ਉਹ 673 ਮ੍ਰਿਤਕ ਵੀ ਸ਼ਾਮਲ ਹਨ, ਜਿਹੜੇ ਪਿਛਲੇ ਹਫ਼ਤੇ ਜੰਗਬੰਦੀ ਖ਼ਤਮ ਕਰਨ ਤੋਂ ਬਾਅਦ ਇਜ਼ਰਾਈਲ ਵੱਲੋਂ ਅਚਨਚੇਤ ਕੀਤੇ ਗਏ ਹਵਾਈ ਹਮਲਿਆਂ ਵਿੱਚ ਮਾਰੇ ਗਏ ਸਨ। ਮੰਤਰਾਲੇ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਮ੍ਰਿਤਕਾਂ ਵਿੱਚ ਕਿੰਨੇ ਆਮ ਨਾਗਰਿਕ ਅਤੇ ਕਿੰਨੇ ਲੜਾਕੇ ਸ਼ਾਮਲ ਹਨ।
 

ad