ਸਿਸੋਦੀਆ ਦੀ ਗ੍ਰਿਫ਼ਤਾਰੀ ਨੇ ਪੰਜਾਬ ਸਰਕਾਰ 'ਚ ਮਚਾਈ ਹਲਚਲ

ਸਿਸੋਦੀਆ ਦੀ ਗ੍ਰਿਫ਼ਤਾਰੀ ਨੇ ਪੰਜਾਬ ਸਰਕਾਰ 'ਚ ਮਚਾਈ ਹਲਚਲ

ਚੰਡੀਗੜ੍ਹ, 27 ਫਰਵਰੀ-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ 'ਤੇ ਉਕਤ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਚਰਚਿਆਂ ਅਤੇ ਦਿੱਲੀ ਤੇ ਪੰਜਾਬ ਵਿਚ ਇਕੋ ਤਰ੍ਹਾਂ ਦੀ ਆਬਕਾਰੀ ਨੀਤੀ ਦੇ ਅਮਲ ਹੇਠ ਹੋਣ 'ਤੇ ਦਿੱਲੀ ਦੇ ਇਕ ਸ਼ਰਾਬ ਵਪਾਰੀ 'ਤੇ ਦਬਾਅ ਬਣਾਉਣ ਲਈ ਉਸ ਦੀਆਂ ਪੰਜਾਬ ਵਿਚਲੀਆਂ ਸ਼ਰਾਬ ਦੀਆਂ ਫ਼ੈਕਟਰੀਆਂ ਜ਼ਬਾਨੀ ਹੁਕਮ 'ਤੇ ਹੀ ਬੰਦ ਰੱਖਣ ਦੇ ਦੋਸ਼ਾਂ ਕਾਰਨ ਪੰਜਾਬ ਪ੍ਰਸ਼ਾਸਨ ਵਿਚ ਵੀ ਹਲਚਲ ਮਚੀ ਹੋਈ ਹੈ। ਵਰਨਣਯੋਗ ਹੈ ਕਿ ਪੰਜਾਬ ਵਿਚ 'ਆਪ' ਦੇ ਸੱਤਾ ਵਿਚ ਆਉਣ ਤੋਂ ਬਾਅਦ ਜੋ ਆਬਕਾਰੀ ਨੀਤੀ ਬਣਾਈ ਗਈ ਉਸ ਸੰਬੰਧੀ ਵੀ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਮਨੀਸ਼ ਸਿਸੋਦੀਆ ਵਲੋਂ ਤੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਦੇ ਵਿਰੋਧੀ ਪਾਰਟੀਆਂ ਵਲੋਂ ਦੋਸ਼ ਲਗਾਏ ਗਏ ਸਨ ਅਤੇ ਸੀ.ਬੀ.ਆਈ ਅਤੇ ਈ.ਡੀ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਸ ਸੰਬੰਧੀ ਵੀ ਪੁੱਛਗਿੱਛ ਕੀਤੀ ਗਈ ਹੈ। ਦਿੱਲੀ ਦੀ ਆਬਕਾਰੀ ਨੀਤੀ ਵਿਚ ਲਾਇਸੈਂਸ ਧਾਰਕਾਂ ਦਾ ਕਮਿਸ਼ਨ ਵਧਾ ਕੇ 12 ਪ੍ਰਤੀਸ਼ਤ ਕੀਤੇ ਜਾਣ ਅਤੇ ਉਸ ਵਿਚੋਂ ਅੱਧਾ ਕਮਿਸ਼ਨ ਆਮ ਆਦਮੀ ਪਾਰਟੀ ਨੂੰ ਦੇਣ ਦੇ ਲੱਗੇ ਦੋਸ਼ ਜੋ ਜਾਂਚ ਦਾ ਮੁੱਖ ਵਿਸ਼ਾ ਹੈ, ਲੇਕਿਨ ਪੰਜਾਬ ਵਿਚ ਵੀ ਇਸੇ ਤਰਜ਼ 'ਤੇ ਨੀਤੀ ਹੋਣ ਕਾਰਨ ਸੀ.ਬੀ.ਆਈ ਤੇ ਈ.ਡੀ ਹੁਣ ਜਾਂਚ ਤੇ ਕੇਸ ਦਾ ਘੇਰਾ ਪੰਜਾਬ ਤੱਕ ਵੀ ਵਧਾ ਸਕਦੀ ਹੈ। ਦਿੱਲੀ ਦੇ ਇਕ ਐਲ ਵੰਨ ਲਾਇਸੈਂਸ ਧਾਰਕ ਮਹਾਦੇਵ ਲੀਕਰਜ਼ ਦੀਆਂ ਪੰਜਾਬ ਵਿਚਲੀਆਂ ਡਿਸਟਿਲਰੀਆਂ ਨੂੰ ਜ਼ਬਾਨੀ ਹੁਕਮਾਂ 'ਤੇ 25 ਦਿਨਾਂ ਲਈ ਬੰਦ ਰੱਖਿਆ ਗਿਆ ਅਤੇ ਕੰਪਨੀ ਦੀ ਬਾਂਹ ਮਰੋੜ ਕੇ ਦਿੱਲੀ ਵਿਚਲੇ ਉਨ੍ਹਾਂ ਦੇ ਚਾਰ ਲਾਇਸੈਂਸ ਵਾਪਸ ਕਰਵਾਉਣ ਤੋਂ ਬਾਅਦ ਪੰਜਾਬ ਵਿਚਲੀਆਂ ਡਿਸਟਿਲਰੀਜ਼ ਨੂੰ ਚਾਲੂ ਕੀਤਾ ਗਿਆ। ਦੋਸ਼ ਇਹ ਵੀ ਹੈ ਕਿ ਉਕਤ ਕੰਪਨੀ ਵਲੋਂ ਦਿੱਲੀ ਦੇ ਚਾਰੋ ਲਾਇਸੈਂਸ ਵਾਪਸ ਕਰਨ ਤੋਂ ਬਾਅਦ ਪੰਜਾਬ ਵਿਚਲੀਆਂ ਉਨ੍ਹਾਂ ਦੀਆਂ ਦੋਵੇਂ ਡਿਸਟਿਲਰੀਆਂ ਨੂੰ 25-25 ਲੱਖ ਰੁਪਏ ਦਾ ਜੁਰਮਾਨਾ ਲੱਗਾ ਅਤੇ ਮੁੱਖ ਮੰਤਰੀ ਰਿਲੀਫ ਫ਼ੰਡ ਲਈ 51 ਲੱਖ ਰੁਪਏ ਦਾ ਚੈੱਕ ਲੈ ਕੇ ਉਨ੍ਹਾਂ ਦੀਆਂ ਡਿਸਟਿਲਰੀਆਂ ਚਾਲੂ ਕਰਨ ਦੇ ਹੁਕਮ ਹੋਏ। ਪ੍ਰੰਤੂ ਉਕਤ ਕੰਪਨੀ ਵਲੋਂ ਪੁੱਛਗਿੱਛ ਦੌਰਾਨ ਸਭ ਕੁਝ ਦੱਸ ਦਿੱਤਾ ਗਿਆ ਹੈ। ਸੀ.ਬੀ.ਆਈ. ਤੇ ਈ.ਡੀ. ਵਲੋਂ ਪੰਜਾਬ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਮੁਢਲੀ ਪੁੱਛਗਿੱਛ ਹੋ ਚੁੱਕੀ ਹੈ ਲੇਕਿਨ ਹੁਣ ਸਮਝਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਕੇਸ ਵਿਚ ਬਾਕਾਇਦਾ ਸ਼ਾਮਿਲ ਕਰ ਸਕਦੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਵਲੋਂ ਸ਼ਰਾਬ ਦੇ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਦੇ ਬੇਟੇ ਦੀ ਹੋਈ ਪੁੱਛਗਿੱਛ ਤੇ ਗ੍ਰਿਫ਼ਤਾਰੀ ਦੌਰਾਨ ਪੰਜਾਬ ਵਿਚਲੇ ਸ਼ਰਾਬ ਦੇ ਕਾਰੋਬਾਰੀਆਂ ਨਾਲ ਸਰਕਾਰ ਦੇ ਲੈਣ ਦੇਣ ਸੰਬੰਧੀ ਕਾਫ਼ੀ ਕੁਝ ਸਾਹਮਣੇ ਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਜੋ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਖੇ ਹੀ ਡੇਰੇ ਲਾਈ ਬੈਠੇ ਹਨ ਵਲੋਂ ਪੈਦਾ ਹੋ ਰਹੀ ਇਸ ਸਥਿਤੀ ਸੰਬੰਧੀ ਪਾਰਟੀ ਸੁਪਰੀਮੋ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਮੁੱਖ ਮੰਤਰੀ ਵਲੋਂ ਅੱਜ ਸ਼ਾਮ ਜਾਰੀ ਕੀਤੇ ਗਏ ਟਵੀਟ 'ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿੱਲੋਂ, ਬਲਬੀਰ ਸਿੰਘ ਸਿੱਧੂ, ਫ਼ਤਿਹ ਜੰਗ ਸਿੰਘ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਸੋਢੀ (ਸਾਰੇ ਕਾਂਗਰਸੀ ਤੇ ਅੱਜਕਲ੍ਹ ਭਾਜਪਾ) ਅਕਸਰ ਰਾਜਪਾਲ ਦੇ ਘਰ ਦੇ ਨੇੜੇ ਤੇੜੇ ਦੇਖੇ ਜਾ ਸਕਦੇ ਹਨ ਤੇ ਪੰਜਾਬ ਵਿਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ, ਪੰਜਾਬ ਦੇ ਲੋਕ ਸਭ ਜਾਣਦੇ ਨੇ, ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਨੇ।' ਤੋਂ ਵੀ ਮੁੱਖ ਮੰਤਰੀ ਦੀ ਪ੍ਰੇਸ਼ਾਨੀ ਨਜ਼ਰ ਆ ਰਹੀ ਸੀ। ਪੈਦਾ ਹੋ ਰਹੀ ਸਥਿਤੀ ਕਾਰਨ ਬਹੁਤੇ ਮੰਤਰੀ ਵੀ ਕਾਫ਼ੀ ਚਿੰਤਾ ਵਿਚ ਹਨ।

ad