ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਘੇਰਿਆ ਮਨਪ੍ਰੀਤ ਦਾ ਦਫ਼ਤਰ

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਘੇਰਿਆ ਮਨਪ੍ਰੀਤ ਦਾ ਦਫ਼ਤਰ

ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਅੱਜ ਇਥੇ ਖਾਲੀ ਭਾਂਡੇ ਖੜਕਾ ਕੇ ਮੁਜ਼ਾਹਰਾ ਕੀਤਾ ਗਿਆ। ਜਦੋਂ ਵਿਖਾਵਾਕਾਰੀ ਬੀਬੀਆਂ ਨੇ ਸਰਕਟ ਹਾਊਸ ਨੇੜਿਓਂ ਰੋਸ ਮਾਰਚ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਰੁਖ਼ ਕੀਤਾ ਤਾਂ ਪ੍ਰ੍ਰਸ਼ਾਸਨ ਚੌਕੰਨਾ ਹੋ ਗਿਆ। ਭਾਵੇਂ ਦਫ਼ਤਰ ਨੇੜੇ ਪੁਲੀਸ ਨੇ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ ਪਰ ਮੁਜ਼ਾਹਰਾਕਾਰੀਆਂ ਨੇ ਬੈਰੀਕੇਡ ਪਰ੍ਹੇ ਵਗਾਹ ਮਾਰੇ ਅਤੇ ਦਫ਼ਤਰ ਦਾ ਘਿਰਾਓ ਕਰ ਲਿਆ। ਇਸ ਦੌਰਾਨ ਵਿਖਾਵਾਕਾਰੀਆਂ ਅਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਯੂਨੀਅਨ ਦੀ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਮੰਗ ਕੀਤੀ ਕਿ ਆਸ਼ਾ ਤੇ ਫੈਸਿਲੀਟੇਟਰਾਂ ਨੂੰ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਤਨਖਾਹ ਦੇਣ ਸਮੇਤ ਹਰਿਆਣਾ ਪੈਟਰਨ ’ਤੇ 4 ਹਜ਼ਾਰ ਰੁਪਏ ਮਾਸਿਕ ਅਤੇ ਇਨਸੈਂਟਿਵ ਦਿੱਤਾ ਜਾਵੇ। ਇਸੇ ਤਰ੍ਹਾਂ ਆਸ਼ਾ ਫੈਸਿਲੀਟੇਟਰਾਂ ਲਈ 4 ਹਜ਼ਾਰ ਰੁਪਏ ਮਾਸਿਕ ਅਤੇ 5 ਸੌ ਰੁਪਏ ਪ੍ਰਤੀ ਟੂਰ ਦੇ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਵਰਕਰਾਂ ਲਈ ਸਮਾਰਟ ਫ਼ੋਨ ਦੀ ਵੀ ਮੰਗ ਕੀਤੀ। ਹੋਰਨਾਂ ਕਰਮਚਾਰੀਆਂ ਵਾਂਗ ਹਾਦਸਾਗ੍ਰਸਤ ਆਸ਼ਾ ਤੇ ਫੈਸਿਲੀਟੇਟਰਾਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦੇਣ ਲਈ ਕਿਹਾ। ਸੁਖਜੀਤ ਕੌਰ ਨੇ ਚਿਤਾਵਨੀ ਦਿੱਤੀ ਕਿ ਆਉਂਦੇ ਦਿਨਾਂ ’ਚ ਪਟਿਆਲਾ ਵਿਚਲਾ ਮੋਤੀ ਮਹਿਲ ਘੇਰਿਆ ਜਾਵੇਗਾ।

ad