ਅਮਰੀਕਾ ਚ ਕੋਰੋਨਾ ਦਾ ਕਹਿਰ ਜਾਰੀ, 37 ਲੱਖ ਤੋਂ ਵੱਧ ਲੋਕ ਵਾਇਰਸ ਦੇ ਸ਼ਿਕਾਰ

ਅਮਰੀਕਾ ਚ ਕੋਰੋਨਾ ਦਾ ਕਹਿਰ ਜਾਰੀ, 37 ਲੱਖ ਤੋਂ ਵੱਧ ਲੋਕ ਵਾਇਰਸ ਦੇ ਸ਼ਿਕਾਰ

ਵਾਸ਼ਿੰਗਟਨ- ਅਮਰੀਕਾ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਇੱਥੇ ਹੁਣ ਤੱਕ 1.40 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਇਹ ਮਹਾਮਾਰੀ ਬਹੁਤ ਬੁਰਾ ਰੂਪ ਲੈ ਚੁੱਕੀ ਹੈ ਅਤੇ ਹੁਣ ਤਕ 37 ਲੱਖ ਤੋਂ ਵੱਧ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। 
ਅਮਰੀਕਾ ਦੀ ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,40,103 ਤੱਕ ਪੁੱਜ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ 37 ਲੱਖ ਦਾ ਅੰਕੜਾ ਪਾਰ ਕਰ ਕੇ 37,06,927 ਹੋ ਗਈ ਹੈ। ਅਮਰੀਕਾ ਵਿਚ 11 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਅਮਰੀਕਾ ਦਾ ਨਿਊਯਾਰਕ ਅਤੇ ਨਿਊਜਰਸੀ ਸੂਬਾ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਿਰਫ ਨਿਊਯਾਰਕ ਵਿਚ ਕੋਰੋਨਾ ਵਾਇਰਸ ਦੇ 4 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 32 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜਰਸੀ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ 15 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। 
ਇਸ ਦੇ ਇਲਾਵਾ ਮੈਸਾਚੁਸੇਟਸ, ਮਿਸ਼ੀਗਨ, ਇਲਿਨਾਇਸ, ਕੈਲੀਫੋਰਨੀਆ ਅਤੇ ਪੈਨਸਿਲਵੇਨੀਆ ਵਰਗੇ ਸੂਬੇ ਵੀ ਕੋਵਿਡ-19 ਦਾ ਪ੍ਰਕੋਪ ਝੱਲ ਰਹੇ ਹਨ। ਇਨ੍ਹਾਂ ਸਾਰੇ ਸੂਬਿਆਂ ਵਿਚ ਕੋਰੋਨਾ ਨਾਲ 6 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਕੈਲੀਫੋਰਨੀਆ, ਟੈਕਸਾਸ ਅਤੇ ਫਲੋਰੀਡਾ ਵਿਚ ਕੋਰੋਨਾ ਵਾਇਰਸ ਦੇ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 

ad