ਦਾਵੋਸ ’ਚ ਵਿਸ਼ਵ ਆਰਥਿਕ ਮੰਚ ਦਾ ਸਾਲਾਨਾ ਇਜਲਾਸ ਸ਼ੁਰੂ

ਡੇਵਿਡ ਬੈਕਹਮ ਸਣੇ ਤਿੰਨ ਜਣਿਆਂ ਨੂੰ ਮਿਲੇ ‘ਕ੍ਰਿਸਟਲ ਐਵਾਰਡ’
* ਪੰਜ ਦਿਨਾਂ ਸਮਾਗਮ ਵਿੱਚ ਵਿਸ਼ਵ ਭਰ ਤੋਂ ਹਿੱਸਾ ਲੈ ਰਹੇ ਨੇ 3,000 ਆਗੂ
ਦਾਵੋਸ,(ਇੰਡੋ ਕਨੇਡੀਅਨ ਟਾਇਮਜ਼)- ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੀ ਸਾਲਾਨਾ ਇਜਲਾਸ (ਮੀਟਿੰਗ) ਇੱਥੇ ਸ਼ੁਰੂ ਹੋ ਗਈ, ਜਿਸ ਦੌਰਾਨ ‘ਬੌਧਿਕ ਯੁੱਗ ਲਈ ਸਾਂਝੇ ਯਤਨਾਂ’ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਜਿੱਥੇ ਵਿਸ਼ਵ ਪ੍ਰਸਿੱਧ ਫੁਟਬਾਲ ਡੇਵਿਡ ਬੈਕਹਮ, ਫੈਸ਼ਨ ਡਿਜ਼ਾਈਨਰ ਡਿਆਨੇ ਵਨ ਫਰਸਟੈਨਬਰਗ ਅਤੇ ਮਸ਼ਹੂਰ ਆਰਕੀਟੈਕਟ ਰਿਕੇਨ ਯਾਮਾਮੋਤੋ ਨੂੰ ਕ੍ਰਿਸਟਲ ਐਵਾਰਡ ਦਿੱਤੇ ਗਏ, ਉੱਥੇ ਇੱਕ ਕੰਸਰਟ ਰਾਹੀਂ ਪ੍ਰਾਚੀਨ ਸੰਗੀਤ ਤੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਵੱਲੋਂ ਤਿਆਰ ਵਿਜ਼ੂਅਲਾਂ ਰਾਹੀਂ ਅੰਟਾਰਕਟਿਕਾ ਦੇ ਮੌਜੂਦਾ ਗੰਭੀਰ ਸੰਕਟ ’ਤੇ ਬਾਰੇ ਵੀ ਦੱਸਿਆ ਗਿਆ। ਸਰਕਾਰ ਤੋਂ ਕਾਰੋਬਾਰ, ਸਿਵਲ ਸੁਸਾਇਟੀ ਤੋਂ ਅਕਾਦਮਿਕ ਖੇਤਰ, ਕਲਾ ਤੇ ਸੱਭਿਆਚਾਰ ਜਿਹੇ ਵੱਖੋ-ਵੱਖਰੇ ਖੇਤਰਾਂ ਤੋਂ ਵਿਸ਼ਵ ਦੇ ਮੁੱਖ ਆਗੂ ਇਸ ਵੱਡੇ ਸਮਾਗਮ ਵਿੱਚ ਹਿੱਸਾ ਲੈਣ ਲਈ ਪੁੱਜੇ ਹਨ ਜਿਨ੍ਹਾਂ ’ਚ ਕਈ ਭਾਰਤੀ ਆਗੂ ਵੀ ਸ਼ਾਮਲ ਹਨ।
ਡਬਲਿਊਈਐੱਫ ਦੇ ਮੁਖੀ ਤੇ ਸੀਈਓ ਬੌਰਜ ਬ੍ਰੈਂਜ ਨੇ ਕਿਹਾ ਕਿ ਇਹ ਮੁਲਾਕਾਤ ਅਜਿਹੇ ਅਨਿਸ਼ਚਿਤ ਕਾਲ ’ਚ ਹੋ ਰਹੀ ਹੈ, ਜਿੱਥੇ ਭੂ-ਆਰਥਿਕ, ਭੂ-ਰਾਜਸੀ ਤੇ ਤਕਨਾਲੋਜੀਆਂ ਜਿਹੀਆਂ ਤਾਕਤਾਂ ਸਾਡੇ ਸਮਾਜ ’ਚ ਤਬਦੀਲੀਆਂ ਲਿਆ ਰਹੀਆਂ ਹਨ। ਇਨ੍ਹਾਂ ਨਾਲ ਜਿੱਥੇ ਸਾਡੇ ਸਾਹਮਣੇ ਕਈ ਚੁਣੌਤੀਆਂ ਦਰਪੇਸ਼ ਹਨ, ਉੱਥੇ ਕਈ ਅਹਿਮ ਮੌਕੇ ਵੀ ਹਨ, ਖਾਸ ਤੌਰ ’ਤੇ ਤੇਜ਼ੀ ਨਾਲ ਬਦਲ ਰਹੀਆਂ ਤਕਨਾਲੋਜੀਆਂ ਦੇ ਸਬੰਧ ’ਚ। ਪੰਜ ਦਿਨ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਵਿਸ਼ਵ ਭਰ ਦੇ ਸਰਕਾਰੀ ਤੇ ਗੈਰ-ਸਰਕਾਰੀ ਖੇਤਰਾਂ ਤੋਂ ਲਗਪਗ 3,000 ਆਗੂ ਹਿੱਸਾ ਲੈ ਰਹੇ ਹਨ, ਜਿਸ ਦਾ ਉਦੇਸ਼ ਇਸ ਮੰਚ ਲਈ ਸਾਂਝੇ ਯਤਨ ਜੁਟਾਉਣਾ ਹੈ। ਸ੍ਰੀ ਬ੍ਰੈਂਜ ਨੇ ਕਿਹਾ,‘ਮੈਂ ਇਸ ਹਫ਼ਤੇ ਦਾਵੋਸ ’ਚ ਉਸਾਰੂ ਗੱਲਬਾਤ ਲਈ ਆਸਵੰਦ ਹਾਂ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਗੱਲਬਾਤ ਦਾ ਇਸ ਵਰ੍ਹੇ ਤੇ ਇਸ ਤੋਂ ਅੱਗੇ ਵੀ ਅਹਿਮ ਪ੍ਰਭਾਵ ਰਹੇਗਾ।’ ਇਸ ਵਰ੍ਹੇ ਇਸ 55ਵੀਂ ਡਬਲਿਊਈਐੱਫ ਸਾਲਾਨਾ ਮੀਟਿੰਗ ਦਾ ਵਿਸ਼ਾ – ‘ਵਿਕਸਿਤ ਯੁੱਗ ’ਚ ਸਾਂਝੇ ਯਤਨ’ ਹਨ।
ਭਾਰਤ ਨੂੰ ਮੋਦੀ ਦੇ ਰੂਪ ’ਚ ਸਹੀ ਸਮੇਂ ’ਤੇ ਸਹੀ ਆਗੂ ਮਿਲਿਆ
ਦਾਵੋਸ; ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ‘ਸਾਲ 2047 ਤੱਕ ਸਵਰਨ ਆਂਧਰਾ’ ਵਿਸ਼ੇ ਉੱਤੇ ਸੀਆਈਆਈ ਵੱਲੋਂ ਕਰਵਾਈ ਗਈ ਇਕਨਾਮਿਕ ਟਾਸਕਫੋਰਸ ਦੇ ਲਾਂਚ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ’ਚ ਸਹੀ ਸਮੇਂ ’ਤੇ ਸਹੀ ਆਗੂ ਮਿਲਿਆ ਹੈ ਤੇ ਉਹ ਵੱਖੋ-ਵੱਖ ਆਰਥਿਕ ਤੇ ਸਮਾਜਿਕ ਪੈਮਾਨਿਆਂ ’ਤੇ ਮੁਲਕ ਨੂੰ ਸਿਖਰਲੇ ਸਥਾਨ ’ਤੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਵੱਡੀ ਸਮਰੱਥਾ ਹੈ ਤੇ ਸੂਬਾ ਸਹੀ ਰਾਹ ’ਤੇ ਤਰੱਕੀ ਕਰ ਰਿਹਾ ਹੈ। ਜਿ਼ਕਰਯੋਗ ਹੈ ਕਿ ਵੱਖ-ਵੱਖ ਸੂਬਿਆਂ ਦੀ ਸ਼ਮੂਲੀਅਤ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਾਵੋਸ ਵਿੱਚ ਭਾਰਤ ਦੇ ਵਿਕਾਸ ਮਾਡਲ ਨੂੰ ਦਰਸਾਉਣ ਤੋਂ ਇਲਾਵਾ ਸਾਂਝੇ ਵਿਕਾਸ ਤੇ ਡਿਜੀਟਲ ਪੱਧਰ ’ਤੇ ਬਦਲਾਅ ਲਈ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਚਾਨਣਾ ਪਾਉਣਗੇ।
‘ਸ਼ਵਾਬ ਫਾਊਂਡੇਸ਼ਨ ਐਵਾਰਡਾਂ’ ਦਾ ਐਲਾਨ
ਡਬਲਿਊਈਐੱਫ ਨੇ ਭਾਰਤ ਸਮੇਤ 13 ਮੁਲਕਾਂ ਦੀਆਂ 15 ਸੰਸਥਾਵਾਂ ਨਾਲ ਸਬੰਧਤ 18 ਸਮਾਜਿਕ ਉੱਦਮੀਆਂ ਤੇ ਖੋਜਕਾਰਾਂ ਲਈ ‘ਸ਼ਵਾਬ ਫਾਊਂਡੇਸ਼ਨ ਐਵਾਰਡਾਂ’ ਦਾ ਐਲਾਨ ਕੀਤਾ ਹੈ। ਇੱਥੇ ਸਾਲਾਨਾ ਮੀਟਿੰਗ ਦੌਰਾਨ ਇਨ੍ਹਾਂ ਐਵਾਰਡਾਂ ਦਾ ਐਲਾਨ ਕਰਦਿਆਂ ਡਬਲਿਊਈਐੱਫ ਨੇ ਦੱਸਿਆ ਕਿ ਇਹ ਐਵਾਰਡ ਸ਼ਵਾਬ ਫਾਊਂਡੇਸ਼ਨ ਵੱਲੋਂ ਮੋਟਸੇਪ ਫਾਊਂਡੇਸ਼ਨ ਨਾਲ ਮਿਲ ਕੇ ਸਮਾਜਿਕ ਉੱਦਮਤਾ ਲਈ ਦਿੱਤੇ ਜਾ ਰਹੇ ਹਨ। ਸਮਾਜਿਕ ਉੱਦਮੀਆਂ ਦੀ ਕੈਟਾਗਿਰੀ ਵਿੱਚ ਐਵਾਰਡ ਹਾਸਲ ਕਰਨ ਵਾਲੇ ਵਿਅਕਤੀਆਂ ’ਚ ਅਵੰਤੀ ਫੈਲੋਜ਼ ਦੇ ਸਹਿ-ਨਿਰਮਾਤਾ ਅਕਸ਼ੈ ਸਕਸੇਨਾ, ਕੇਅਰਮੈਸੇਜ ਦੀ ਸਹਿ-ਨਿਰਮਾਤਾ ਤੇ ਸੀਈਓ ਵਿਨੀਤ ਸਿੰਗਲ ਸ਼ਾਮਲ ਹਨ। ਇਸੇ ਤਰ੍ਹਾਂ ਸਮਾਜਿਕ ਤੌਰ ’ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨ ਕਰਨ ਵਾਲਿਆਂ ਦੀ ਕੈਟਾਗਿਰੀ ਵਿੱਚ ਆਰਸੀਆਰੀਸੀ ਦੇ ਨਿਰਦੇਸ਼ਕ ਵੇਦ ਆਰਿਆ, ਪਾਪੂਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੀ ਪੂਨਮ ਮੁਟਰੇਜਾ ਤੇ ਆਗਾ ਖਾਨ ਫਾਊਂਡੇਸ਼ਨ ਦੇ ਗਲੋਬਲ ਲੀਡ ਅਪੂਰਵ ਓਜ਼ਾ ਦੇ ਨਾਂ ਸ਼ਾਮਲ ਹਨ।