ਯੂਕਰੇਨ ਜੰਗ ਦੇ ਖ਼ਾਤਮੇ ਲਈ ਕੂਟਨੀਤੀ ਹੀ ਇਕੋ ਇਕ ਰਾਹ: ਮੋਦੀ

ਯੂਕਰੇਨ ਜੰਗ ਦੇ ਖ਼ਾਤਮੇ ਲਈ ਕੂਟਨੀਤੀ ਹੀ ਇਕੋ ਇਕ ਰਾਹ: ਮੋਦੀ

ਯੂਕਰੇਨ ਜੰਗ ਦੇ ਖ਼ਾਤਮੇ ਲਈ ਕੂਟਨੀਤੀ ਹੀ ਇਕੋ ਇਕ ਰਾਹ: ਮੋਦੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਪੰਜਵੇਂ ਕਾਰਜਕਾਲ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਾਰਤਾ ਅਤੇ ਕੂਟਨੀਤੀ ਹੀ ਰੂਸ-ਯੂਕਰੇਨ ਜੰਗ ਸੁਲਝਾਉਣ ਦਾ ਇਕੋ-ਇਕ ਰਾਹ ਹੈ। ਮੋਦੀ ਨੇ ਰੂਸੀ ਆਗੂ ਦੇ ਰਾਸ਼ਟਰਪਤੀ ਚੋਣਾਂ ’ਚ ਹੂੰਝਾ ਫੇਰੂ ਜਿੱਤ ਹਾਸਲ ਕਰਨ ਦੇ ਦੋ ਦਿਨਾਂ ਬਾਅਦ ਪੂਤਿਨ ਨੂੰ ਫੋਨ ਕੀਤਾ ਹੈ। ਇਸ ਮਗਰੋਂ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਮੋਦੀ ਨੂੰ ਰੂਸ ਅਤੇ ਯੂਕਰੇਨ ਆਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਨੇ ਪੂਤਿਨ ਦੀ ਜਿੱਤ ’ਤੇ ਸਵਾਲ ਖੜ੍ਹੇ ਕੀਤੇ ਹਨ। ਮੋਦੀ ਨੇ ‘ਐਕਸ’ ’ਤੇ ਕਿਹਾ,‘‘ਰਾਸ਼ਟਰਪਤੀ ਪੂਤਿਨ ਨਾਲ ਗੱਲ ਕੀਤੀ ਅਤੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਮੁੜ ਤੋਂ ਚੁਣੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਅਸੀਂ ਆਉਣ ਵਾਲੇ ਸਾਲਾਂ ’ਚ ਭਾਰਤ-ਰੂਸ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਰਲ ਕੇ ਕੰਮ ਕਰਨ ’ਤੇ ਸਹਿਮਤ ਹੋਏ।’’ ਗੱਲਬਾਤ ਬਾਰੇ ਕ੍ਰੈਮਲਿਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪੂਤਿਨ ਨੇ ਭਾਰਤ ’ਚ ਆਉਂਦੀਆਂ ਸੰਸਦੀ ਚੋਣਾਂ ਦੀ ਸਫ਼ਲਤਾ ਲਈ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਉਨ੍ਹਾਂ ਕੁਝ ਕੌਮਾਂਤਰੀ ਆਗੂਆਂ ’ਚ ਸ਼ੁਮਾਰ ਹਨ ਜਿਨ੍ਹਾਂ ਪੂਤਿਨ ਨੂੰ ਚੋਣਾਂ ’ਚ ਜਿੱਤ ’ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਟੈਲੀਫੋਨ ’ਤੇ ਹੋਈ ਗੱਲਬਾਤ ’ਚ ਮੋਦੀ ਅਤੇ ਪੂਤਿਨ ਨੇ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵਿਚਾਰ ਪ੍ਰਗਟ ਕੀਤੇ। ਬਿਆਨ ਮੁਤਾਬਕ ਰੂਸ-ਯੂਕਰੇਨ ਜੰਗ ਬਾਰੇ ਚਰਚਾ ਕਰਦਿਆਂ ਮੋਦੀ ਨੇ ਭਾਰਤ ਵੱਲੋਂ ਮੁੜ ਵਾਰਤਾ ਅਤੇ ਕੂਟਨੀਤੀ ਦੀ ਵਕਾਲਤ ਕੀਤੀ। ਇਸ ਦੇ ਨਾਲ ਦੋਵੇਂ ਆਗੂ ਇਕ-ਦੂਜੇ ਦੇ ਸੰਪਰਕ ’ਚ ਰਹਿਣ ਲਈ ਵੀ ਰਾਜ਼ੀ ਹੋਏ। ਪੂਤਿਨ ਦੇ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਮੋਦੀ ਨੇ ਰੂਸ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਕ੍ਰੈਮਲਿਨ ਦੇ ਬਿਆਨ ਮੁਤਾਬਕ ਦੋਵੇਂ ਮੁਲਕਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਵਪਾਰ, ਆਰਥਿਕ ਅਤੇ ਨਿਵੇਸ਼ ਦੇ ਨਾਲ ਹੀ ਊਰਜਾ ਤੇ ਟਰਾਂਸਪੋਰਟ ਦੇ ਖੇਤਰਾਂ ’ਚ ਦੁਵੱਲੇ ਸਬੰਧ ਮਜ਼ਬੂਤੀ ਨਾਲ ਅਗਾਂਹ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਏਜੰਡੇ ਖਾਸ ਕਰਕੇ ਯੂਕਰੇਨ ਦੇ ਹਾਲਾਤ ਸਮੇਤ ਹੋਰ ਕਈ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ। ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਸਮੇਤ ਬਹੁਧਿਰੀ ਸਰੂਪਾਂ ’ਚ ਰੂਸ ਅਤੇ ਭਾਰਤ ਵਿਚਕਾਰ ਤਾਲਮੇਲ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਗਿਆ। ਕ੍ਰੈਮਲਿਨ ਨੇ ਕਿਹਾ ਕਿ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਨਿੱਘੇ ਅਤੇ ਦੋਸਤਾਨਾ ਢੰਗ ਨਾਲ ਹੋਈ।

sant sagar