ਤਾਇਵਾਨ ਵਿੱਚ ਭਿਆਨਕ ਭੂਚਾਲ ਕਾਰਨ ਨੌਂ ਮੌਤਾਂ
ਤਾਇਵਾਨ ਵਿੱਚ ਭਿਆਨਕ ਭੂਚਾਲ ਕਾਰਨ ਨੌਂ ਮੌਤਾਂ
ਤਾਇਪੇ-ਤਾਇਵਾਨ ’ਚ ਅੱਜ ਸਵੇਰੇ ਆਏ ਭਿਆਨਕ ਭੂਚਾਲ ’ਚ ਇਮਾਰਤਾਂ ਤੇ ਰਾਜਮਾਰਗ ਨੁਕਸਾਨੇ ਗਏ ਅਤੇ ਨੌਂ ਜਣਿਆਂ ਦੀ ਮੌਤ ਹੋ ਗਈ। ਪਿਛਲੇ 25 ਸਾਲਾਂ ’ਚ ਆਏ ਸਭ ਤੋਂ ਭਿਆਨਕ ਭੂਚਾਲ ’ਚ ਰਾਜਧਾਨੀ ਤਾਇਪੇ ਦੀਆਂ ਪੁਰਾਣੀਆਂ ਇਮਾਰਤਾਂ ਤੇ ਕੁਝ ਨਵੇਂ ਦਫ਼ਤਰਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਸਕੂਲਾਂ ’ਚੋਂ ਕੱਢ ਕੇ ਮੈਦਾਨ ’ਚ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਹੈਲਮੇਟ ਪਹਿਨਾਏ ਗਏ। ਕੁਝ ਬੱਚੇ ਉੱਪਰੋਂ ਡਿਗਦੀਆਂ ਚੀਜ਼ਾਂ ਤੋਂ ਬਚਣ ਲਈ ਆਪਣੇ ਸਿਰ ’ਤੇ ਕਿਤਾਬਾਂ ਰੱਖਦੇ ਦਿਖਾਈ ਦਿੱਤੇ।
ਭੂਚਾਲ ਕਾਰਨ ਦੱਖਣੀ-ਪੂਰਬੀ ਸ਼ਹਿਰ ਹੁਲੀਅਨ ਦੇ ਇੱਕ ਇਲਾਕੇ ’ਚ ਸਥਿਤ ਪੰਜ ਮੰਜ਼ਿਲਾ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸੇ ਸ਼ਹਿਰ ਨੇੜੇ ਭੂਚਾਲ ਦਾ ਕੇਂਦਰ ਸੀ। ਤਾਇਵਾਨ ਦੇ ਕੌਮੀ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਆਏ ਭੂਚਾਲ ’ਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਤਾਰੋਕੋ ਕੌਮੀ ਪਾਰਕ ’ਚ ਚੱਟਾਨ ਤੋਂ ਪੱਥਰ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਸੇ ਇਲਾਕੇ ’ਚ ਹੀ ਇੱਕ ਵੱਡਾ ਪੱਥਰ ਇੱਕ ਵਾਹਨ ’ਤੇ ਡਿੱਗਣ ਕਾਰਨ ਉਸ ਦੇ ਚਾਲਕ ਦੀ ਵੀ ਮੌਤ ਹੋ ਗਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਭੂਚਾਲ ਕਾਰਨ ਵਾਪਰੀਆਂ ਘਟਨਾਵਾਂ ਵਿੱਚ 736 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ 77 ਵਿਅਕਤੀ ਵੱਖ ਵੱਖ ਥਾਵਾਂ ’ਤੇ ਫਸੇ ਹੋਏ ਹਨ ਜਦਕਿ 50 ਤੋਂ ਵੱਧ ਵਿਅਕਤੀ ਲਾਪਤਾ ਹਨ ਤੇ ਇਨ੍ਹਾਂ ਨਾਲ ਸੰਪਰਕ ਟੁੱਟ ਗਿਆ ਹੈ। ਭੂਚਾਲ ਤੇ ਭੂਚਾਲ ਤੋਂ ਬਾਅਦ ਦੇ ਝਟਕਿਆਂ ਕਾਰਨ ਜ਼ਮੀਨ ਖਿਸਕਣ ਦੀਆਂ 24 ਘਟਨਾਵਾਂ ਵਾਪਰੀਆਂ ਹਨ ਅਤੇ 35 ਸੜਕਾਂ, ਪੁਲ ਤੇ ਸੁਰੰਗਾਂ ਨੁਕਸਾਨੀਆਂ ਗਈਆਂ ਹਨ। ਤਾਇਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਰਫ਼ਤਾਰ 7.2 ਸੀ ਜਦਕਿ ਅਮਰੀਕੀ ਏਜੰਸੀ ਅਨੁਸਾਰ ਭੂਚਾਲ ਦੀ ਰਫ਼ਤਾਰ 7.4 ਰਹੀ। ਇਸ ਦਾ ਕੇਂਦਰ ਹੁਲੀਅਨ ’ਚ ਜ਼ਮੀਨ ’ਚ ਤਕਰੀਬਨ 35 ਕਿਲੋਮੀਟਰ ਹੇਠਾਂ ਸੀ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਕੌਮੀ ਸੰਸਦ ਭਵਨ ਤੇ ਤਾਇਪੇ ਦੇ ਦੱਖਣ ’ਚ ਸਥਿਤ ਮੁੱਖ ਹਵਾਈ ਅੱਡੇ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ ਹੈ।