ਮਨਪ੍ਰੀਤ ਨੇ ਐੱਫਆਈਐੱਚ ਪੁਰਸਕਾਰ ਪਿਤਾ ਨੂੰ ਸਮਰਪਿਤ ਕੀਤਾ

ਮਨਪ੍ਰੀਤ ਨੇ ਐੱਫਆਈਐੱਚ ਪੁਰਸਕਾਰ ਪਿਤਾ ਨੂੰ ਸਮਰਪਿਤ ਕੀਤਾ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦਾ ਸਰਵੋਤਮ ਖਿਡਾਰੀ (ਸਾਲ 2019) ਦਾ ਪੁਰਸਕਾਰ ਆਪਣੇ ਮਰਹੂਮ ਪਿਤਾ ਦੇ ਨਾਮ ਕਰਦਿਆਂ ਕਿਹਾ ਕਿ ਇਸ ਖ਼ਿਤਾਬ ਨਾਲ ਉਸ ਦੀ ਜ਼ਿੰਮੇਵਾਰੀ ਕਾਫ਼ੀ ਵਧ ਗਈ ਹੈ। ਇਸ ਪੁਰਸਕਾਰ ਕਾਰਨ ਮਨਪ੍ਰੀਤ ਲਈ 2019 ਸੈਸ਼ਨ ਯਾਦਗਾਰ ਰਿਹਾ, ਜਿੱਥੇ ਉਸ ਦੀ ਅਗਵਾਈ ਵਿੱਚ ਟੀਮ ਨੇ ਓਲੰਪਿਕ ਵਿੱਚ ਵੀ ਥਾਂ ਬਣਾਈ ਹੈ। ਮਿਡਫੀਲਡਰ ਮਨਪ੍ਰੀਤ ਇਸ ਤਰ੍ਹਾਂ 1999 ਵਿੱਚ ਪੁਰਸਕਾਰ ਸ਼ੁਰੂ ਹੋਣ ਮਗਰੋਂ ਇਸ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਇਸ ਪੁਰਸਕਾਰ ਦੀ ਦੌੜ ਵਿੱਚ 27 ਸਾਲ ਦੇ ਭਾਰਤੀ ਖਿਡਾਰੀ ਨੇ ਬੈਲਜੀਅਮ ਦੇ ਆਰਥਰ ਵਲ ਡੋਰੇਨ ਅਤੇ ਅਰਜਨਟੀਨਾ ਦੇ ਲੁਕਾਸ ਵਿਲਾ ਨੂੰ ਪਛਾੜਿਆ, ਜੋ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਕੌਮੀ ਐਸੋਸੀਏਸ਼ਨਾਂ, ਮੀਡੀਆ, ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀਆਂ ਸਾਂਝੀਆਂ ਵੋਟਾਂ ਵਿੱਚ ਮਨਪ੍ਰੀਤ ਨੂੰ 35.2 ਫ਼ੀਸਦੀ ਵੋਟਾਂ ਮਿਲੀਆਂ।
ਮਨਪ੍ਰੀਤ ਨੇ ਕਿਹਾ, ‘‘ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਸ਼ੁਕਰੀਆ ਕਰਨਾ ਚਾਹਾਂਗਾ, ਜਿਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ। ਉਹ ਮੈਨੂੰ ਪੂਰੇ ਕਰੀਅਰ ਵਿੱਚ ਪ੍ਰੇਰਿਤ ਕਰਦੇ ਰਹੇ ਹਨ। ਜ਼ਾਹਰ ਹੈ ਮੈਂ ਆਪਣੇ ਪਿਤਾ ਨੂੰ ਨਹੀਂ ਭੁੱਲ ਸਕਦਾ, ਜੇਕਰ ਉਹ ਅੱਜ ਜਿਉਂਦੇ ਹੁੰਦੇ ਤਾਂ ਮੇਰੇ ’ਤੇ ਮਾਣ ਕਰਦੇ। ਇਹ ਪੁਰਸਕਾਰ ਉਨ੍ਹਾਂ ਦੇ ਉਸ ਸਮਰਥਨ ਅਤੇ ਹੌਸਲੇ ਲਈ ਹੈ, ਜੋ ਉਨ੍ਹਾਂ ਨੇ ਹਮੇਸ਼ਾ ਮੈਨੂੰ ਦਿੱਤਾ।’’ ਮਨਪ੍ਰੀਤ ਨੇ ਕਿਹਾ ਕਿ ਇਸ ਪੁਰਸਕਾਰ ਦੇ ਮਿਲਣ ਨਾਲ ਐੱਫਆਈਐੱਚ ਹਾਕੀ ਪ੍ਰੋ ਲੀਗ ਮੈਚਾਂ ਅਤੇ ਟੋਕੀਓ ਓਲੰਪਿਕ ਤੋਂ ਪਹਿਲਾ ਉਸ ਦਾ ਹੌਸਲਾ ਵਧੇਗਾ। ਮਨਪ੍ਰੀਤ ਤੋਂ ਇਲਾਵਾ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ 2019 ਦਾ ਸਾਲ ਦਾ ਉਭਰਦਾ ਹੋਇਆ ਪੁਰਸ਼ ਖਿਡਾਰੀ, ਜਦਕਿ ਲਾਲਰੇਮਸਿਆਮੀ ਨੂੰ ਉਭਰਦੀ ਹੋਈ ਖਿਡਾਰਨ ਚੁਣਿਆ ਗਿਆ।

sant sagar