ਜੌਰਜੀਆ ਦੇ ਰੈਸਤਰਾਂ ਵਿੱਚੋਂ 11 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ

ਜੌਰਜੀਆ ਦੇ ਰੈਸਤਰਾਂ ਵਿੱਚੋਂ 11 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ

ਤਬਿਲਿਸੀ,(ਇੰਡੋ ਕਨੇਡੀਅਨ ਟਾਇਮਜ਼)- ਜੌਰਜੀਆ ਦੇ ਪਹਾੜੀ ਇਲਾਕੇ ਗੁਦੌਰੀ ਦੇ ਰੈਸਤਰਾਂ ਵਿੱਚ 11 ਭਾਰਤੀ ਨਾਗਰਿਕਾਂ ਸਣੇ 12 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ’ਚੋ ਦੋ ਜਣਿਆਂ ਦੀ ਪੰਜਾਬੀਆਂ ਵਜੋਂ ਪਛਾਣ ਹੋਈ ਹੈ। ਜੌਰਜੀਆ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਮੁਢਲੀ ਜਾਂਚ ਵਿਚ ਸੱਟਾਂ ਲੱਗਣ ਜਾਂ ਹਿੰਸਾ ਦੇ ਕੋਈ ਸੰਕੇਤ ਨਹੀਂ ਹਨ। ਸਥਾਨਕ ਮੀਡੀਆ ਨੇ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਸਾਰੇ ਪੀੜਤਾਂ ਦੀ ਮੌਤ ਜ਼ਹਿਰੀਲੀ ਗੈਸ ਕਾਰਨ ਹੋਈ ਹੈ। ਤਬਿਲਿਸੀ ਵਿਚ ਭਾਰਤੀ ਮਿਸ਼ਨ ਨੇ ਕਿਹਾ ਕਿ ਸਾਰੇ 11 ਪੀੜਤ ਭਾਰਤੀ ਨਾਗਰਿਕ ਸਨ। ਹਾਲਾਂਕਿ ਜੌਰਜੀਆ ਵਿੱਚ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ’ਚੋਂ 11 ਵਿਦੇਸ਼ੀ ਸਨ ਜਦਕਿ ਇੱਕ ਉਨ੍ਹਾਂ ਦਾ ਨਾਗਰਿਕ ਸੀ। ਬਿਆਨ ਅਨੁਸਾਰ ਇਹ ਸਾਰੇ ਇਕੋ ਭਾਰਤੀ ਰੈਸਤਰਾਂ ਵਿੱਚ ਕੰਮ ਕਰਦੇ ਸਨ ਅਤੇ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਕਮਰਿਆਂ ’ਚੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ। ਭਾਰਤੀ ਮਿਸ਼ਨ ਨੇ ਕਿਹਾ, ‘ਮਿਸ਼ਨ ਨੂੰ ਜੌਰਜੀਆ ਦੇ ਗੁਦੌਰੀ ’ਚ 11 ਭਾਰਤੀ ਨਾਗਰਿਕਾਂ ਦੀ ਮੌਤ ਬਾਰੇ ਪਤਾ ਲੱਗਾ ਹੈ। ਮਿਸ਼ਨ ਜਾਨਾਂ ਗਵਾਉਣ ਵਾਲੇ ਭਾਰਤੀ ਨਾਗਰਿਕਾਂ ਦੇ ਵੇਰਵੇ ਹਾਸਲ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।’ ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਅਨੁਸਾਰ ਦੂਜੀ ਮੰਜ਼ਿਲ ’ਤੇ ਕਮਰਿਆਂ ਨੇੜੇ ਬੰਦ ਜਗ੍ਹਾ ਵਿੱਚ ਬਿਜਲੀ ਜਨਰੇਟਰ ਰੱਖਿਆ ਹੋਇਆ ਸੀ, ਜੋ ਸ਼ਾਇਦ ਸ਼ੁੱਕਰਵਾਰ ਰਾਤ ਨੂੰ ਬਿਜਲੀ ਸਪਲਾਈ ਬੰਦ ਹੋਣ ਮਗਰੋਂ ਚਲਾਇਆ ਗਿਆ ਸੀ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਫੋਰੈਂਸਿਕ ਮੈਡੀਕਲ ਜਾਂਚ ਵੀ ਜਾ ਰਹੀ ਹੈ। 

ਸੁਨਾਮ ਦੇ ਪਤੀ-ਪਤਨੀ ਦੀ ਜੌਰਜੀਆ ’ਚ ਮੌਤ
ਸੁਨਾਮ ਊਧਮ ਸਿੰਘ ਵਾਲਾ : ਇਸ ਸ਼ਹਿਰ ਦੇ ਨੌਜਵਾਨ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਦੀ ਜੌਰਜੀਆ ਵਿੱਚ ਹਾਦਸੇ ਵਿੱਚ ਮੌਤ ਹੋ ਗਈ। ਸ਼ਹਿਰ ਦਾ ਰਹਿਣ ਵਾਲਾ ਰਵਿੰਦਰ ਸਿੰਘ ਆਪਣੀ ਪਤਨੀ ਗੁਰਵਿੰਦਰ ਕੌਰ ਸਣੇ ਕਰੀਬ ਅੱਠ ਮਹੀਨੇ ਪਹਿਲਾਂ ਰੁਜ਼ਗਾਰ ਲਈ ਜੌਰਜੀਆ ਗਿਆ ਸੀ। ਉੱਥੇ ਦੋਵੇਂ ਪਤੀ-ਪਤਨੀ ਪੰਜਾਬੀ ਰੈਸਤਰਾਂ ਵਿੱਚ ਕੰਮ ਕਰਦੇ ਸਨ। ਰੈਸਤਰਾਂ ਵਿੱਚ ਕੰਮ ਦੌਰਾਨ ਹਾਦਸਾ ਵਾਪਰਨ ਕਾਰਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਰੈਸਤਰਾਂ ਵਿੱਚ ਗੈਸ ਚੜ੍ਹਨ ਕਾਰਨ ਕੁੱਲ 12 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਰਵਿੰਦਰ ਤੇ ਗੁਰਵਿੰਦਰ ਸ਼ਾਮਲ ਹਨ। ਮ੍ਰਿਤਕਾਂ ਦੇ ਪਰਿਵਾਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਦੀ ਦੇਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ।

sant sagar